ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਅੱਜ ਸੁਖਬੀਰ ਸਿੰਘ ਬਾਦਲ ਦੀ ਜਨਤਕ ਹਾਜ਼ਰੀ ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ, ਜੇਕਰ ਪੰਥਕ ਪਾਰਟੀ ਦਾ ਪ੍ਰਧਾਨ ਹੀ ਪੰਜ ਸਿੰਘ ਸਹਿਬਾਨਾਂ ਦੇ ਫੈਸਲੇ ਦੀ ਪਾਲਣਾ ਨਹੀਂ ਕਰ ਸਕਦਾ ਤਾਂ ਇਸ ਤੋਂ ਸਿੱਧਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੱਤਾ ਵੇਲੇ ਆਪਣੀ ਕੁਰਸੀ ਬਚਾਉਣ ਲਈ ਜਾਂ ਦੁਬਾਰਾ ਪਾਉਣ ਲਈ ਸੌਦੇਬਾਜੀਆਂ ਕਿੰਨੀਆਂ ਵੱਡੀ ਪੱਧਰ ਤੇ ਕੀਤੀਆਂ ਹੋਣਗੀਆਂ। ਸੁਧਾਰ ਲਹਿਰ ਪ੍ਰਜੀਡੀਅਮ ਦੇ ਮੈਂਬਰ ਤੇ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁੱਰ ਅਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਡਰਾਂ ਅਤੇ ਮਿੱਠੂ ਸਿੰਘ ਕਾਹਨੇਕੇ ਨੇ ਅੱਜ ਸੁਖਬੀਰ ਸਿੰਘ ਬਾਦਲ ਦੇ ਜਨਤਕ ਇਕੱਠ ਵਿੱਚ ਸ਼ਮੂਲੀਅਤ ਕਰਨ ਤੇ ਕਿਹਾ ਕਿ, ਪੰਥ ਦੀ ਇੱਕ ਮਰਿਯਾਦਾ ਹੁੰਦੀ ਹੈ, ਖਾਸ ਤੌਰ ਤੇ ਜਦੋਂ ਤੁਸੀਂ ਪੰਥਕ ਪਾਰਟੀ ਦੀ ਅਗਵਾਈ ਕਰ ਰਹੇ ਹੁੰਦੇ ਹੋ ਤਾਂ ਇਸ ਤੇ ਪਹਿਰਾ ਦੇਣਾ ਤੁਹਾਡਾ ਇਖਲਾਕੀ ਫ਼ਰਜ ਬਣ ਜਾਂਦਾ ਹੈ, ਪਰ ਅਫ਼ਸੋਸ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਧਰਮ ਨੂੰ ਹੇਠਾਂ ਅਤੇ ਸਿਆਸਤ ਨੂੰ ਉਪਰ ਦਰਸਾ ਕਿ, ਮੀਰੀ ਪੀਰੀ ਦੇ ਸਿਧਾਂਤ ਨੂੰ ਛਿੱਕੇ ਟੰਗ ਰਹੇ ਹਨ। ਐਸਜੀਪੀਸੀ ਮੈਂਬਰਾਂ ਨੂੰ ਬੁਲਾ ਰਹੇ ਹਨ ਤੇ ਪ੍ਰਧਾਨਗੀ ਵੀ ਆਪਣੇ ਲਿਫਾਫੇ ਚੋ ਕੱਢਣਗੇ ਇਹ ਅੱਤ ਦਰਜੇ ਦਾ ਮੰਦਭਾਗਾ ਵਰਤਾਰਾ ਹੈ।
ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਕਿ, ਜਿਸ ਵੇਲੇ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਆਉਣਾ ਸੀ, ਉਸ ਤੋਂ ਠੀਕ ਇੱਕ ਦਿਨ ਪਹਿਲਾਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੀ ਬਿਨਾਂ ਕਿਸੇ ਪਾਵਰ ਦੇ ਵਰਕਿੰਗ ਪ੍ਰਧਾਨ ਵਜੋ ਨਿਯੁਕਤੀ ਮਹਿਜ਼ ਇੱਕ ਸਿਆਸੀ ਡਰਾਮਾ ਹੀ ਕੀਤਾ ਸੀ, ਉਸ ਵੇਲੇ ਸੁਧਾਰ ਲਹਿਰ ਨੇ ਇਸ ਗੱਲ ਨੂੰ ਜੋਰ ਦੇਕੇ ਕਿਹਾ ਸੀ, ਕਿ ਇਹ ਡਰਾਮਾ ਸਿਰਫ ਸਿੱਖ ਸੰਗਤ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਕੀਤਾ ਗਿਆ ਹੈ ਜਿਸ ਨੂੰ ਅੱਜ ਖੁਦ ਲੋਕਾਂ ਵੱਲੋਂ ਨਕਾਰੇ ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਵਿੱਚ ਵਿਚਰਨਾਂ ਸ਼ੁਰੂ ਕਰ ਅਤੇ ਪਾਰਟੀ ਦੀਆਂ ਮੀਟਿੰਗਾਂ ਬੁਲਾ ਕੇ ਸਾਬਿਤ ਕਰ ਦਿੱਤਾ ਹੈ।