punjabWorld

ਆਸਟ੍ਰੇਲੀਆ ਦਾ ਸਖ਼ਤ ਫ਼ਰਮਾਨ: 16 ਸਾਲਾਂ ਬਾਅਦ ਪੰਜਾਬੀ ਜੋੜੇ ਨੂੰ ਦੇਸ਼ ਛੱਡਣ ਦਾ ਹੁਕਮ

ਆਸਟ੍ਰੇਲੀਆ ਵਿੱਚ ਪਿਛਲੇ 16 ਸਾਲਾਂ ਤੋਂ ਰਹਿ ਰਹੇ ਇੱਕ ਪੰਜਾਬੀ ਮੂਲ ਦੇ ਜੋੜੇ ਨੂੰ ਨਾਗਰਿਕਤਾ ਨਾ ਮਿਲਣ ਕਾਰਨ ਦੇਸ਼ ਛੱਡਣ ਦਾ ਹੁਕਮ ਸੁਣਾਇਆ ਗਿਆ ਹੈ। ਇਸ ਫ਼ੈਸਲੇ ਨੇ ਪਰਿਵਾਰ ਨੂੰ ਇੱਕ ਵੱਡੀ ਦੁਚਿੱਤੀ ਵਿੱਚ ਪਾ ਦਿੱਤਾ ਹੈ, ਕਿਉਂਕਿ ਉਨ੍ਹਾਂ ਦਾ 12 ਸਾਲਾ ਪੁੱਤਰ, ਜੋ ਆਸਟ੍ਰੇਲੀਆ ਵਿੱਚ ਹੀ ਪੈਦਾ ਹੋਇਆ ਸੀ, ਉੱਥੇ ਹੀ ਰਹਿ ਸਕਦਾ ਹੈ।
ਕੀ ਹੈ ਪੂਰਾ ਮਾਮਲਾ?

ਜਾਣਕਾਰੀ ਅਨੁਸਾਰ, ਅਮਨਦੀਪ ਕੌਰ ਅਤੇ ਸਟੀਵਨ ਸਿੰਘ ਸਾਲ 2009 ਵਿੱਚ ਆਸਟ੍ਰੇਲੀਆ ਗਏ ਸਨ ਅਤੇ ਮੈਲਬੌਰਨ ਦੇ ਪੱਛਮੀ ਹਿੱਸੇ ਵਿੱਚ ਸਥਿਤ ਵਿੰਧਮ ਵੇਲੇ ਵਿੱਚ ਵੱਸ ਗਏ ਸਨ। ਇੰਨੇ ਸਾਲਾਂ ਬਾਅਦ ਵੀ ਉਨ੍ਹਾਂ ਨੂੰ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਲ ਨਹੀਂ ਹੋ ਸਕੀ। ਇਸ ਸਾਲ ਦੇ ਸ਼ੁਰੂ ਵਿੱਚ, ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਨੂੰ ਨਵੰਬਰ ਤੱਕ ਆਸਟ੍ਰੇਲੀਆ ਛੱਡਣਾ ਪਵੇਗਾ, ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਡਿਪੋਰਟ (ਦੇਸ਼ ਨਿਕਾਲਾ) ਕਰ ਦਿੱਤਾ ਜਾਵੇਗਾ।

ਜੋੜੇ ਨੇ ਇਸ ਫ਼ੈਸਲੇ ਖ਼ਿਲਾਫ਼ ਟ੍ਰਿਬਿਊਨਲਾਂ ਵਿੱਚ ਅਪੀਲ ਕੀਤੀ, ਪਰ ਉਨ੍ਹਾਂ ਦੀਆਂ ਅਪੀਲਾਂ ਅਸਫ਼ਲ ਰਹੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਦਖਲ ਦੀ ਉਮੀਦ ਵਿੱਚ ਆਪਣਾ ਮਾਮਲਾ ਇਮੀਗ੍ਰੇਸ਼ਨ ਮੰਤਰੀ ਟੋਨੀ ਬਰਕ ਕੋਲ ਵੀ ਰੱਖਿਆ, ਪਰ ਉੱਥੋਂ ਵੀ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ।
ਪੁੱਤ ਆਸਟ੍ਰੇਲੀਆਈ ਨਾਗਰਿਕ

ਇਸ ਜੋੜੇ ਦਾ 12 ਸਾਲਾ ਪੁੱਤਰ ਅਭਿਜੋਤ ਆਸਟ੍ਰੇਲੀਆ ਦਾ ਨਾਗਰਿਕ ਹੈ, ਕਿਉਂਕਿ ਉਸਦਾ ਜਨਮ ਉੱਥੇ ਹੀ ਹੋਇਆ ਸੀ। ਆਸਟ੍ਰੇਲੀਆਈ ਕਾਨੂੰਨਾਂ ਮੁਤਾਬਕ, ਜੇਕਰ ਕੋਈ ਬੱਚਾ ਉੱਥੇ ਪੈਦਾ ਹੁੰਦਾ ਹੈ ਤਾਂ 10 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਉਹ ਉੱਥੋਂ ਦਾ ਪੱਕਾ ਨਾਗਰਿਕ ਬਣ ਜਾਂਦਾ ਹੈ। ਇਸੇ ਕਾਰਨ ਅਭਿਜੋਤ ਆਸਟ੍ਰੇਲੀਆ ਵਿੱਚ ਰਹਿ ਸਕਦਾ ਹੈ, ਜਦਕਿ ਉਸਦੇ ਮਾਪਿਆਂ ਨੂੰ ਦੇਸ਼ ਛੱਡਣਾ ਪਵੇਗਾ।
“ਸਾਡਾ ਪੁੱਤ ਇਕੱਲਾ ਕਿਵੇਂ ਰਹੇਗਾ?”

ਹਵਾਈ ਅੱਡੇ ‘ਤੇ ਸੁਰੱਖਿਆ ਕਰਮਚਾਰੀ ਵਜੋਂ ਕੰਮ ਕਰਨ ਵਾਲੀ ਅਮਨਦੀਪ ਕੌਰ ਨੇ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ, “ਸਾਡਾ ਪੁੱਤਰ ਇਕੱਲਾ ਕਿਵੇਂ ਰਹੇਗਾ, ਇਹ ਸਾਡੇ ਲਈ ਸਭ ਤੋਂ ਵੱਡੀ ਚਿੰਤਾ ਹੈ। ਉਹ ਕਦੇ ਵੀ ਇਕੱਲਾ ਨਹੀਂ ਰਿਹਾ”। ਮਾਪੇ ਇਸ ਗੱਲੋਂ ਵੀ ਡਰਦੇ ਹਨ ਕਿ ਜੇਕਰ ਉਹ ਅਭਿਜੋਤ ਨੂੰ ਆਪਣੇ ਨਾਲ ਭਾਰਤ ਲੈ ਆਉਂਦੇ ਹਨ ਤਾਂ ਉਹ ਆਪਣੀ ਆਸਟ੍ਰੇਲੀਆਈ ਨਾਗਰਿਕਤਾ ਗੁਆ ਸਕਦਾ ਹੈ ਅਤੇ ਸ਼ਾਇਦ ਕਦੇ ਵਾਪਸ ਵੀ ਨਾ ਜਾ ਸਕੇ। ਇਸੇ ਡਰ ਕਾਰਨ ਉਹ ਉਸਨੂੰ ਭਾਰਤ ਨਹੀਂ ਲਿਆਉਣਾ ਚਾਹੁੰਦੇ।
ਕਾਨੂੰਨੀ ਮਾਹਿਰਾਂ ਦੀ ਸਲਾਹ

ਪਰਿਵਾਰ ਦੇ ਵਕੀਲ ਨੇ ਇਸ ਫ਼ੈਸਲੇ ਨੂੰ ਹੈਰਾਨੀਜਨਕ ਦੱਸਿਆ ਹੈ। ਉੱਥੇ ਹੀ, ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਜੋੜੇ ਨੂੰ ਫਿਲਹਾਲ ਆਸਟ੍ਰੇਲੀਆਈ ਕਾਨੂੰਨ ਦਾ ਸਨਮਾਨ ਕਰਦੇ ਹੋਏ ਭਾਰਤ ਵਾਪਸ ਆਉਣਾ ਚਾਹੀਦਾ ਹੈ। ਇਸ ਤੋਂ ਬਾਅਦ ਉਹ ਆਪਣੇ ਬੇਟੇ ਦੀ ਦੇਖਭਾਲ ਨੂੰ ਕਾਰਨ ਦੱਸ ਕੇ ਦੁਬਾਰਾ ਆਸਟ੍ਰੇਲੀਆ ਜਾਣ ਲਈ ਅਰਜ਼ੀ ਦੇ ਸਕਦੇ ਹਨ, ਜਿਸ ਦੇ ਸਵੀਕਾਰ ਕੀਤੇ ਜਾਣ ਦੀ ਸੰਭਾਵਨਾ ਹੋ ਸਕਦੀ ਹੈ।

Related posts

ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਨੇ ਸੰਸਦ ’ਚ ਭਰੋਸੇ ਦਾ ਵੋਟ ਜਿੱਤਿਆ

Gagan Deep

ਕਿਹੜਾ ਪਹਿਲਾ ਮੁਸਲਿਮ ਦੇਸ਼ ਹੈ ਜਿੱਥੇ ਇੱਕ ਔਰਤ ਪ੍ਰਧਾਨ ਮੰਤਰੀ ਬਣੀ? ਕੀ ਤੁਸੀਂ ਜਾਣਦੇ ਹੋ ਉਸ ਦਾ ਨਾਮ?

Gagan Deep

ਬਾਇਡਨ ਵੱਲੋਂ ਰਾਸ਼ਟਰਪਤੀ ਚੋਣ ਨਾ ਲੜਨ ਦਾ ਐਲਾਨ

Gagan Deep

Leave a Comment