ਈਰਾਨ, ਇਜ਼ਰਾਈਲ ਅਤੇ United States ਵਿਚਕਾਰ ਵਧ ਰਹੇ ਤਣਾਅ ਨੇ ਦੁਨੀਆ ਨੂੰ ਇੱਕ ਵੱਡੇ ਯੁੱਧ ਦੇ ਖਤਰੇ ਵੱਲ ਧੱਕ ਦਿੱਤਾ ਹੈ। ਅਜਿਹੇ ਹਾਲਾਤਾਂ ਵਿੱਚ ਜਿੱਥੇ ਵੱਡੇ ਦੇਸ਼ ਆਪਣੇ ਫੌਜੀ ਜ਼ਖੀਰੇ ਵਧਾ ਰਹੇ ਹਨ, ਉਥੇ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਦੁਨੀਆ ਵਿੱਚ ਕਈ ਦੇਸ਼ ਅਤੇ ਖੇਤਰ ਅਜੇ ਵੀ ਬਿਨਾਂ ਆਪਣੀ ਫੌਜ ਦੇ ਹੀ ਸੁਰੱਖਿਅਤ ਜੀਵਨ ਬਤੀਤ ਕਰ ਰਹੇ ਹਨ। ਜਾਣਕਾਰੀ ਮੁਤਾਬਕ ਦੁਨੀਆ ਵਿੱਚ ਲਗਭਗ 36 ਅਜਿਹੇ ਦੇਸ਼ ਅਤੇ ਖੇਤਰ ਹਨ ਜਿਨ੍ਹਾਂ ਕੋਲ ਆਪਣੀ ਅਧਿਕਾਰਤ ਸੈਨਾ ਨਹੀਂ ਹੈ।
ਇਨ੍ਹਾਂ ਵਿੱਚੋਂ ਕੁਝ ਦੇਸ਼ ਪੂਰੀ ਤਰ੍ਹਾਂ ਸੁਤੰਤਰ ਹਨ, ਜਦਕਿ ਕਈ ਖੇਤਰ ਆਪਣੀ ਸੁਰੱਖਿਆ ਲਈ ਵੱਡੀਆਂ ਸ਼ਕਤੀਆਂ ਜਾਂ ਅੰਤਰਰਾਸ਼ਟਰੀ ਸਮਝੌਤਿਆਂ ‘ਤੇ ਨਿਰਭਰ ਕਰਦੇ ਹਨ। ਇਨ੍ਹਾਂ ਥਾਵਾਂ ‘ਤੇ ਨਾ ਟੈਂਕਾਂ ਦੀ ਗੂੰਜ ਸੁਣਾਈ ਦਿੰਦੀ ਹੈ ਅਤੇ ਨਾ ਹੀ ਮਿਜ਼ਾਈਲਾਂ ਦਾ ਜਖੀਰਾ ਤਾਇਨਾਤ ਹੁੰਦਾ ਹੈ, ਫਿਰ ਵੀ ਇਹ ਖੇਤਰ ਸੁਰੱਖਿਅਤ ਮੰਨੇ ਜਾਂਦੇ ਹਨ।
ਮਾਹਿਰਾਂ ਦੇ ਅਨੁਸਾਰ ਇਸ ਸੁਰੱਖਿਆ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਰੱਖਿਆ ਸਮਝੌਤੇ ਹਨ। ਕਈ ਛੋਟੇ ਦੇਸ਼ ਆਪਣੀ ਫੌਜ ਬਣਾਉਣ ‘ਤੇ ਵੱਡਾ ਖਰਚ ਕਰਨ ਦੀ ਬਜਾਏ ਵੱਡੇ ਅਤੇ ਤਾਕਤਵਰ ਦੇਸ਼ਾਂ ਨਾਲ ਸੁਰੱਖਿਆ ਸੰਝੌਤੇ ਕਰਦੇ ਹਨ। ਉਦਾਹਰਨ ਵਜੋਂ Costa Rica ਨੇ 1948 ਵਿੱਚ ਆਪਣੀ ਫੌਜ ਨੂੰ ਸੰਵਿਧਾਨਕ ਤੌਰ ‘ਤੇ ਖਤਮ ਕਰ ਦਿੱਤਾ ਸੀ, ਜਦਕਿ Iceland ਕੋਲ ਸਥਾਈ ਫੌਜ ਨਹੀਂ ਹੋਣ ਦੇ ਬਾਵਜੂਦ ਇਹ NATO ਦਾ ਮੈਂਬਰ ਹੈ, ਜਿਸ ਕਾਰਨ ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਗਠਜੋੜ ਦੇ ਹੋਰ ਦੇਸ਼ਾਂ ‘ਤੇ ਆ ਜਾਂਦੀ ਹੈ।
ਇਸੇ ਤਰ੍ਹਾਂ ਕਈ ਖੇਤਰ ਅਜਿਹੇ ਹਨ ਜੋ ਪੂਰੀ ਤਰ੍ਹਾਂ ਸੁਤੰਤਰ ਨਹੀਂ ਹਨ ਅਤੇ ਵੱਡੇ ਦੇਸ਼ਾਂ ਦੇ ਵਿਦੇਸ਼ੀ ਪ੍ਰਦੇਸ਼ ਵਜੋਂ ਕੰਮ ਕਰਦੇ ਹਨ। ਉਦਾਹਰਨ ਵਜੋਂ Greenland ਦੀ ਸੁਰੱਖਿਆ ਡੈਨਮਾਰਕ ਦੇ ਹੱਥ ਵਿੱਚ ਹੈ, ਜਦਕਿ Gibraltar ਅਤੇ ਬਰਮੂਡਾ ਵਰਗੇ ਖੇਤਰਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਯੂਨਾਈਟਿਡ ਕਿੰਗਡਮ ਨਿਭਾਉਂਦਾ ਹੈ।
ਕੁਝ ਦੇਸ਼ਾਂ ਨੇ ਆਪਣੀ ਫੌਜ ਦੀ ਬਜਾਏ ਮਜ਼ਬੂਤ ਪੁਲਿਸ ਜਾਂ ਅਰਧਸੈਨਿਕ ਬਲਾਂ ‘ਤੇ ਹੀ ਭਰੋਸਾ ਕੀਤਾ ਹੈ। Panama ਅਤੇ Mauritius ਵਰਗੇ ਦੇਸ਼ਾਂ ਵਿੱਚ ਅੰਦਰੂਨੀ ਸੁਰੱਖਿਆ ਅਤੇ ਸਰਹੱਦੀ ਨਿਗਰਾਨੀ ਲਈ ਹਾਈ-ਟੈਕ ਪੁਲਿਸ ਫੋਰਸ ਮੌਜੂਦ ਹੈ।
ਇਸ ਸੂਚੀ ਵਿੱਚ ਵੈਟੀਕਨ ਸਿਟੀ, ਅੰਡੋਰਾ, ਸੈਨ ਮਾਰੀਨੋ, ਮੋਨਾਕੋ, ਸਮੋਆ, ਨੌਰੂ, ਟੂਵਾਲੂ ਅਤੇ ਮਾਰਸ਼ਲ ਆਈਲੈਂਡਜ਼ ਸਮੇਤ ਕਈ ਹੋਰ ਛੋਟੇ ਦੇਸ਼ ਅਤੇ ਟਾਪੂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਬਹੁਤੇ ਆਪਣੀ ਸੁਰੱਖਿਆ ਲਈ ਵੱਡੇ ਦੇਸ਼ਾਂ ਜਿਵੇਂ ਕਿ ਅਮਰੀਕਾ, ਫਰਾਂਸ, ਡੈਨਮਾਰਕ ਜਾਂ ਆਸਟ੍ਰੇਲੀਆ ‘ਤੇ ਨਿਰਭਰ ਕਰਦੇ ਹਨ।
ਵਿਸ਼ਵ ਪੱਧਰ ‘ਤੇ ਵਧਦੇ ਟਕਰਾਅ ਦੇ ਮਾਹੌਲ ਵਿੱਚ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਜੇਕਰ ਵੱਡੀਆਂ ਤਾਕਤਾਂ ਵਿੱਚ ਜੰਗ ਭੜਕਦੀ ਹੈ ਤਾਂ ਕੀ ਬਿਨਾਂ ਫੌਜ ਵਾਲੇ ਇਹ ਦੇਸ਼ ਵੀ ਇਸਦੇ ਅਸਰ ਤੋਂ ਬਚ ਸਕਣਗੇ। ਮਾਹਿਰਾਂ ਦੇ ਅਨੁਸਾਰ ਅੱਜ ਦੀ ਗਲੋਬਲ ਦੁਨੀਆ ਵਿੱਚ ਕੋਈ ਵੀ ਖੇਤਰ ਯੁੱਧ ਜਾਂ ਆਰਥਿਕ ਸੰਕਟ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਅਲੱਗ ਨਹੀਂ ਰਹਿ ਸਕਦਾ।
