ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਕੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਹੁਣ ਭਾਰਤ ਦਾ ਮੁਕਾਬਲਾ 2 ਨਵੰਬਰ ਨੂੰ ਦੱਖਣੀ ਅਫਰੀਕਾ ਨਾਲ ਫਾਈਨਲ ਵਿੱਚ ਹੋਵੇਗਾ।
ਇਹ ਜਿੱਤ ਇਤਿਹਾਸਕ ਇਸ ਲਈ ਵੀ ਰਹੀ ਕਿਉਂਕਿ ਭਾਰਤੀ ਟੀਮ ਨੇ ਮਹਿਲਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਟਾਰਗੇਟ ਚੇਜ਼ ਕਰਕੇ ਜਿੱਤ ਦਰਜ ਕੀਤੀ।
ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 338 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ਜਵਾਬ ਵਿੱਚ, ਜੇਮੀਮਾ ਰੌਡਰਿਗਜ਼ ਦੀ ਸ਼ਾਨਦਾਰ ਨਾਬਾਦ 127 ਦੌੜਾਂ ਅਤੇ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਦੀ ਧਮਾਕੇਦਾਰ 89 ਦੌੜਾਂ ਦੀ ਬਦੌਲਤ ਭਾਰਤ ਨੇ ਸਿਰਫ਼ 9 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਪੂਰਾ ਕਰ ਲਿਆ।
ਇਹ ਮੌਕਾ ਦੂਜੀ ਵਾਰ ਹੈ ਜਦੋਂ ਭਾਰਤ ਨੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ, 2017 ਵਿਸ਼ਵ ਕੱਪ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾਇਆ ਸੀ।
ਮੌਜੂਦਾ ਚੈਂਪੀਅਨ ਆਸਟ੍ਰੇਲੀਆ ਦਾ ਅੱਠਵੀਂ ਵਾਰ ਖਿਤਾਬ ਜਿੱਤਣ ਦਾ ਸੁਪਨਾ ਇਸ ਵਾਰ ਟੁੱਟ ਗਿਆ ਹੈ, ਜਦਕਿ ਹਰਮਨਪ੍ਰੀਤ ਦੀ ਅਗਵਾਈ ਵਿੱਚ ਭਾਰਤ ਨੇ ਇੱਕ ਵਾਰ ਫਿਰ ਵਿਸ਼ਵ ਮੰਚ ‘ਤੇ ਆਪਣਾ ਲੋਹਾ ਮਨਵਾਇਆ ਹੈ।
