ਆਕਲੈਂਡ (ਐੱਨ ਜੈੱਡ ਤਸਵੀਰ) ਵਧ ਰਹੀਆਂ ਇੰਧਨ ਦੀਆਂ ਕੀਮਤਾਂ ਦੇ ਦਰਮਿਆਨ ਏਅਰਲਾਈਨ ਜੈੱਟ ਸਟਾਰ ਨੇ ਆਪਣੀਆਂ ਕੁਝ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਵੱਲੋਂ ਇਹ ਕਦਮ ਵਧ ਰਹੇ ਖਰਚਿਆਂ ਨੂੰ ਕਾਬੂ ਕਰਨ ਲਈ ਲਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਲਗਭਗ 12 ਫੀਸਦੀ ਉਡਾਣਾਂ ਇਸ ਤਬਦੀਲੀ ਨਾਲ ਪ੍ਰਭਾਵਿਤ ਹੋਈਆਂ ਹਨ। ਇਸ ਵਿੱਚ Auckland ਤੋਂ Christchurch, Wellington, Sydney & Brisbane ਵਾਲੇ ਰੂਟ ਖਾਸ ਤੌਰ ‘ਤੇ ਸ਼ਾਮਲ ਹਨ।
ਏਅਰਲਾਈਨ ਨੇ ਦੱਸਿਆ ਕਿ ਇਹ ਤਬਦੀਲੀਆਂ ਅਸਥਾਈ ਹਨ ਅਤੇ ਜੈੱਟ ਫਿਊਲ ਦੀਆਂ ਵਧ ਰਹੀਆਂ ਕੀਮਤਾਂ ਇਸਦਾ ਮੁੱਖ ਕਾਰਨ ਹਨ। ਮੱਧ-ਪੂਰਬ ਵਿੱਚ ਤਣਾਅ ਅਤੇ ਗਲੋਬਲ ਮਾਰਕੀਟ ਵਿੱਚ ਉਥਲ-ਪੁਥਲ ਕਾਰਨ ਇੰਧਨ ਮਹਿੰਗਾ ਹੋ ਗਿਆ ਹੈ, ਜਿਸਦਾ ਸਿੱਧਾ ਅਸਰ ਹਵਾਈ ਯਾਤਰਾ ‘ਤੇ ਪਿਆ ਹੈ।
ਜੈੱਟ ਸਟਾਰ ਵੱਲੋਂ ਪ੍ਰਭਾਵਿਤ ਯਾਤਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਵਿਕਲਪ ਦਿੱਤੇ ਜਾ ਰਹੇ ਹਨ, ਜਿਵੇਂ ਕਿ ਹੋਰ ਉਡਾਣਾਂ ‘ਤੇ ਬੁਕਿੰਗ ਕਰਨਾ ਜਾਂ ਸਮਾਂ ਬਦਲਣਾ।
ਕੰਪਨੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕੁਝ ਉਡਾਣਾਂ ਵਿੱਚ ਕਟੌਤੀ ਫਲੀਟ ਅਤੇ ਤਕਨੀਕੀ ਕਾਰਨਾਂ ਕਰਕੇ ਵੀ ਕੀਤੀ ਗਈ ਹੈ। ਹਾਲਾਤ ਦੇ ਮੱਦੇਨਜ਼ਰ, ਯਾਤਰੀਆਂ ਨੂੰ ਆਪਣੀ ਯਾਤਰਾ ਤੋਂ ਪਹਿਲਾਂ ਉਡਾਣਾਂ ਦੀ ਸਥਿਤੀ ਜਾਂਚਣ ਦੀ ਸਲਾਹ ਦਿੱਤੀ ਗਈ ਹੈ।
