ਆਕਲੈਂਡ (ਐੱਨ ਜੈੱਡ ਤਸਵੀਰ) ਹੈੱਲਥ ਨਿਊਜੀਲੈਂਡ ਵੱਲੋਂ ਗਰਭ ਅਵਸਥਾ ਦੌਰਾਨ ਜਾਂ ਜਨਮ ਤੋਂ ਤੁਰੰਤ ਬਾਅਦ ਬੱਚੇ ਦੀ ਮੌਤ (ਪੇਰੀਨੇਟਲ ਲਾਸ) ਦਾ ਦੁੱਖ ਸਹਿਣ ਵਾਲੇ ਪਰਿਵਾਰਾਂ ਦੀ ਸਹਾਇਤਾ ਲਈ ਨਵੇਂ ਰਾਸ਼ਟਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਦਿਸ਼ਾ-ਨਿਰਦੇਸ਼ “National Bereavement Care Pathway” ਤਹਿਤ ਤਿਆਰ ਕੀਤੇ ਗਏ ਹਨ, ਜਿਸ ਵਿੱਚ 9 ਮਿਆਰ ਨਿਰਧਾਰਤ ਕੀਤੇ ਗਏ ਹਨ। ਇਸਦਾ ਮਕਸਦ ਦੇਸ਼ ਭਰ ਵਿੱਚ ਸਾਰੇ ਪਰਿਵਾਰਾਂ ਨੂੰ ਇਕਸਾਰ, ਸੰਵੇਦਨਸ਼ੀਲ ਅਤੇ ਮਿਆਰੀ ਸਹਾਇਤਾ ਪ੍ਰਦਾਨ ਕਰਨਾ ਹੈ।
ਸਰਕਾਰੀ ਅੰਕੜਿਆਂ ਮੁਤਾਬਕ, ਹਰ ਸਾਲ ਨਿਊਜੀਲੈਂਡ ਵਿੱਚ ਲਗਭਗ 700 ਤੋਂ 900 ਪਰਿਵਾਰ ਪੇਰੀਨੇਟਲ ਲਾਸ ਦਾ ਸਾਹਮਣਾ ਕਰਦੇ ਹਨ, ਜਦਕਿ ਇਸ ਤੋਂ ਇਲਾਵਾ ਹਜ਼ਾਰਾਂ ਪਰਿਵਾਰ ਗਰਭਪਾਤ (miscarriage) ਕਾਰਨ ਪ੍ਰਭਾਵਿਤ ਹੁੰਦੇ ਹਨ।
ਨਵੀਂ ਪ੍ਰਣਾਲੀ ਦੇ ਅਧੀਨ ਹਸਪਤਾਲਾਂ, ਕਮਿਊਨਿਟੀ ਸਿਹਤ ਸੇਵਾਵਾਂ ਅਤੇ ਵਿਸ਼ੇਸ਼ਜ ਢਾਂਚਿਆਂ ਵਿੱਚ ਸਹਿਯੋਗ ਵਧਾਇਆ ਜਾਵੇਗਾ, ਤਾਂ ਜੋ ਹਰ ਪੱਧਰ ‘ਤੇ ਮਾਤਾ-ਪਿਤਾ ਨੂੰ ਮਨੋਵਿਗਿਆਨਕ ਅਤੇ ਭਾਵਨਾਤਮਕ ਸਹਾਰਾ ਮਿਲ ਸਕੇ।
ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਨਿਊਜ਼ੀਲੈਂਡ ਦੀ ਮਾਤਾ ਸੰਬੰਧੀ ਸਿਹਤ ਸੇਵਾਵਾਂ ਦੁਨੀਆ ਵਿੱਚ ਮਸ਼ਹੂਰ ਹਨ, ਪਰ ਇਸ ਤਰ੍ਹਾਂ ਦੇ ਦੁੱਖਦਾਈ ਮਾਮਲਿਆਂ ਵਿੱਚ ਸਹਾਇਤਾ ਪ੍ਰਣਾਲੀ ਵਿੱਚ ਪਹਿਲਾਂ ਕਮੀ ਰਹੀ ਹੈ। ਇਹ ਨਵਾਂ ਕਦਮ ਉਸ ਘਾਟ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਪਹਲ ਮੰਨੀ ਜਾ ਰਹੀ ਹੈ।
ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਦਿਸ਼ਾ-ਨਿਰਦੇਸ਼ ਪਰਿਵਾਰਾਂ ਨੂੰ ਮੁਸ਼ਕਲ ਸਮੇਂ ਵਿੱਚ ਸੰਵੇਦਨਸ਼ੀਲ ਅਤੇ ਮਜ਼ਬੂਤ ਸਹਾਰਾ ਦੇਣ ਲਈ ਇੱਕ ਵੱਡਾ ਕਦਮ ਸਾਬਤ ਹੋਣਗੇ।
