ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਰਿਹਾਇਸ਼ੀ ਟੈਕਸਾਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਸ਼ਹਿਰ ਹੁਣ ਦੇਸ਼ ਦੇ ਸਭ ਤੋਂ ਮਹਿੰਗੇ ਇਲਾਕਿਆਂ ਵਿੱਚ ਸ਼ਾਮਲ ਹੋ ਗਿਆ ਹੈ।
Infometrics ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ, 2012 ਵਿੱਚ ਜਿੱਥੇ ਇੱਕ ਆਮ ਪਰਿਵਾਰ ਸਾਲਾਨਾ ਕਰੀਬ $1985 ਟੈਕਸ ਭਰਦਾ ਸੀ, ਉੱਥੇ ਇਹ ਰਕਮ ਪਿਛਲੇ ਸਾਲ ਵਧ ਕੇ $5177 ਹੋ ਗਈ ਹੈ। ਇਹ ਵਾਧਾ ਤਨਖਾਹਾਂ ਦੇ ਵਾਧੇ ਨਾਲੋਂ ਕਾਫ਼ੀ ਤੇਜ਼ ਹੈ, ਕਿਉਂਕਿ ਇਸ ਦੌਰਾਨ ਆਮਦਨ ਵਿੱਚ ਕੇਵਲ 56 ਫੀਸਦੀ ਦਾ ਹੀ ਇਜਾਫਾ ਹੋਇਆ ਹੈ।
ਰਿਪੋਰਟ ਅਨੁਸਾਰ, ਵੈਲਿੰਗਟਨ ਦੇ ਨਿਵਾਸੀ ਹੁਣ ਆਪਣੀ ਆਮਦਨ ਦਾ ਵੱਡਾ ਹਿੱਸਾ ਟੈਕਸਾਂ ਵਿੱਚ ਖਰਚ ਰਹੇ ਹਨ। 2012 ਵਿੱਚ ਇਹ ਹਿੱਸਾ 2.2 ਫੀਸਦੀ ਸੀ, ਜੋ 2026 ਤੱਕ ਵਧ ਕੇ 3.8 ਫੀਸਦੀ ਹੋਣ ਦੀ ਸੰਭਾਵਨਾ ਹੈ। ਖੇਤਰੀ ਕੌਂਸਲ ਦੇ ਟੈਕਸ ਸ਼ਾਮਲ ਕਰਨ ‘ਤੇ ਇਹ ਅੰਕੜਾ 4.7 ਫੀਸਦੀ ਤੱਕ ਪਹੁੰਚ ਸਕਦਾ ਹੈ।
ਮਹਿੰਗਾਈ ਦੇ ਮਾਮਲੇ ਵਿੱਚ ਵੈਲਿੰਗਟਨ ਹੁਣ Porirua ਦੇ ਨਾਲ ਦੂਜੇ ਸਥਾਨ ‘ਤੇ ਹੈ, ਜਦਕਿ Tauranga ਅਤੇ Dunedin ਸਭ ਤੋਂ ਉੱਪਰ ਹਨ, ਜਿੱਥੇ ਟੈਕਸ ਦਰ 4.8 ਫੀਸਦੀ ਤੱਕ ਪਹੁੰਚ ਚੁੱਕੀ ਹੈ। ਸਰਕਾਰੀ ਮਾਪਦੰਡਾਂ ਮੁਤਾਬਕ, ਜੇਕਰ ਇਹ ਦਰ ਘਰੇਲੂ ਆਮਦਨ ਦੇ 5 ਫੀਸਦੀ ਤੋਂ ਵੱਧ ਹੋ ਜਾਵੇ, ਤਾਂ ਇਸਨੂੰ ਗੈਰ-ਅਫੋਰਡੇਬਲ ਮੰਨਿਆ ਜਾਂਦਾ ਹੈ।
ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਹਾਲਾਤ ਹੋਰ ਵੀ ਗੰਭੀਰ ਹਨ। Oriental Bay ਵਿੱਚ ਲੋਕ ਆਪਣੀ ਆਮਦਨ ਦਾ ਲਗਭਗ 7.5 ਫੀਸਦੀ ਟੈਕਸ ਦੇ ਰਹੇ ਹਨ, ਜਦਕਿ Berhampore ਅਤੇ Mount Victoria ਵਿੱਚ ਵੀ ਇਹ ਦਰ 2025 ਤੱਕ 5.2 ਫੀਸਦੀ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਇਸ ਮਾਮਲੇ ‘ਤੇ ਵੈਲਿੰਗਟਨ ਦੇ ਮੇਅਰ Andrew Little ਨੇ ਕਿਹਾ ਕਿ ਲੋਕਾਂ ਵੱਲੋਂ ਵਧਦੇ ਟੈਕਸ ਬੋਝ ਬਾਰੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੌਂਸਲ ਖਰਚਾਂ ‘ਤੇ ਕੰਟਰੋਲ ਕਰਨ ਅਤੇ ਟੈਕਸ ਵਾਧੇ ਨੂੰ ਸੀਮਿਤ ਰੱਖਣ ਲਈ ਕਦਮ ਚੁੱਕੇਗੀ। ਨਾਲ ਹੀ ਉਨ੍ਹਾਂ ਇਹ ਸੁਝਾਅ ਵੀ ਦਿੱਤਾ ਕਿ ਸਰਕਾਰੀ ਇਮਾਰਤਾਂ ‘ਤੇ ਵੀ ਟੈਕਸ ਲਗਾਇਆ ਜਾਵੇ, ਤਾਂ ਜੋ ਆਮ ਨਿਵਾਸੀਆਂ ਨੂੰ ਕੁਝ ਰਾਹਤ ਮਿਲ ਸਕੇ।
Related posts
- Comments
- Facebook comments
