ਦੇਸ਼ ਦੇ ਕਈ ਹਿੱਸਿਆਂ ਵਿੱਚ ਖਾਸਕਰ ਉੱਤਰ ਭਾਰਤ ਵਿਚ ਗਰਮੀ ਕਹਿਰ ਵਰ੍ਹਾ ਰਹੀ ਹੈ। ਰਾਜਧਾਨੀ ਦਿੱਲੀ, ਪੰਜਾਬ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਸਾਰੇ ਉੱਤਰੀ ਰਾਜਾਂ ਵਿੱਚ ਬੇਹੱਦ ਗਰਮ ਦਿਨ ਚਲ ਰਹੇ ਹਨ। ਪਰ ਹੁਣ ਇਸ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਭਾਰਤ ਦੇ ਮੌਸਮ ਵਿਭਾਗ (IMD) ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਵਿੱਚ 23- 25 ਜੂਨ ਤੱਕ ਮਾਨਸੂਨ ਐਂਟਰੀ ਲੈਣ ਵਾਲਾ ਹੈ। ਬੀਤੀ ਰਾਤ ਅਤੇ ਅੱਜ ਸਵੇਰ ਤੋਂ ਹੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ। ਅੱਜ ਤੋਂ ਜੰਮੂ, ਪੰਜਾਬ, ਬਿਹਾਰ, ਝਾਰਖੰਡ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੜੀਸਾ ਵਿੱਚ ਕੜਾਕੇ ਦੀ ਗਰਮੀ ਘੱਟ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਅਨੁਸਾਰ, ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਅਤੇ ਉਪ-ਹਿਮਾਲੀਅਨ ਪੱਛਮੀ ਬੰਗਾਲ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਤੇਜ਼ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।
ਪੰਜਾਬ ਦਾ ਮਾਹੌਲ
ਪੰਜਾਬ ਵਿੱਚ ਬੁੱਧਵਾਰ ਰਾਤ ਤੋਂ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਵੀਰਵਾਰ ਸਵੇਰੇ ਪੰਜਾਬ-ਹਰਿਆਣਾ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ। ਅੱਜ ਯਾਨੀ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਨੇ ਅੱਜ ਪਹਿਲਾਂ ਹੀ ਥੋੜ੍ਹੇ-ਥੋੜ੍ਹੇ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਅੱਜ ਕਈ ਇਲਾਕਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ। ਬਦਲਦੇ ਮੌਸਮ ਦਾ ਮੁੱਖ ਕਾਰਨ ਪੱਛਮੀ ਗੜਬੜੀ ਨੂੰ ਮੰਨਿਆ ਜਾਂਦਾ ਹੈ। ਹਾਲਾਂਕਿ ਕਹਿਰ ਦੀ ਗਰਮੀ ਤੋਂ ਇਹ ਰਾਹਤ ਸਿਰਫ ਦੋ ਦਿਨਾਂ ਲਈ ਹੈ।
ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰ-ਪੱਛਮੀ ਰਾਜਸਥਾਨ ਵਿੱਚ ਛਿੱਟੇ, ਗਰਜ, ਹਨੇਰੀ ਅਤੇ ਧੂੜ ਭਰੀ ਹਨੇਰੀ ਦੀ ਸੰਭਾਵਨਾ ਹੈ।