ArticlesImportantIndiaPolitics

ਓਮ ਬਿਰਲਾ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਬਣੇ * ਜ਼ੁਬਾਨੀ ਵੋਟਾਂ ਨਾਲ ਹੋਇਆ ਸਪੀਕਰ ਦੇ ਅਹੁਦੇ ਦਾ ਫੈਸਲਾ * ਮੋਦੀ, ਰਾਹੁਲ ਅਤੇ ਹੋਰਾਂ ਨੇ ਦਿੱਤੀਆਂ ਵਧਾਈਆਂ * ਰਾਸ਼ਟਰਪਤੀ ਸਾਂਝੇ ਇਜਲਾਸ ਨੂੰ ਅੱਜ ਕਰਨਗੇ ਸੰਬੋਧਨ

ਐੱਨਡੀਓ ਦੇ ਉਮੀਦਵਾਰ ਓਮ ਬਿਰਲਾ ਅੱਜ ਜ਼ੁਬਾਨੀ ਵੋਟ ਨਾਲ ਲਗਾਤਾਰ ਦੂਜੇ ਕਾਰਜਕਾਲ ਲਈ ਲੋਕ ਸਭਾ ਦੇ ਸਪੀਕਰ ਚੁਣੇ ਗਏ। ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ ਨੇ ਬਿਰਲਾ ਦੇ ਮੁਕਾਬਲੇ ਅੱਠ ਵਾਰ ਦੇ ਸੰਸਦ ਮੈਂਬਰ ਕੇ. ਸੁਰੇਸ਼ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ ਵੀਰਵਾਰ ਨੂੰ ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੀਕਰ ਵਜੋਂ ਚੋਣ ਲਈ ਬਿਰਲਾ ਦੇ ਨਾਂ ਦੀ ਤਜਵੀਜ਼ ਵਾਲਾ ਮਤਾ ਸਦਨ ਵਿਚ ਰੱਖਿਆ, ਜਿਸ ਦੀ ਤਾਈਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਉਧਰ ਸੁਰੇਸ਼ ਦੇ ਹੱਕ ਵਿਚ ਵੀ ਵਿਰੋਧੀ ਧਿਰਾਂ ਵੱਲੋਂ ਮਤੇ ਰੱਖੇ ਗਏ।

ਵਿਰੋਧੀ ਧਿਰ ਵੱਲੋਂ ਹਾਲਾਂਕਿ ਮਤੇ ’ਤੇ ਵੋਟਿੰਗ ਲਈ ਦਬਾਅ ਨਾ ਪਾਏ ਜਾਣ ਮਗਰੋਂ ਪ੍ਰੋ-ਟੈੱਮ ਸਪੀਕਰ ਭਰਤਰੀਹਰੀ ਮਹਿਤਾਬ ਨੇ ਜ਼ੁਬਾਨੀ ਵੋਟਿੰਗ ਮਗਰੋਂ ਬਿਰਲਾ ਦੀ ਸਪੀਕਰ ਵਜੋਂ ਚੋਣ ਦਾ ਐਲਾਨ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਓਮ ਬਿਰਲਾ ਨੂੰ ਉਨ੍ਹਾਂ ਦੀ ਸੀਟ ’ਤੇ ਜਾ ਕੇ ਵਧਾਈ ਦਿੱਤੀ। ਉਪਰੰਤ ਸ੍ਰੀ ਮੋਦੀ ਤੇ ਗਾਂਧੀ, ਓਮ ਬਿਰਲਾ ਨੂੰ ਨਾਲ ਲੈ ਕੇ ਸਪੀਕਰ ਦੀ ਸੀਟ ’ਤੇ ਪਹੁੰਚੇ, ਜਿੱਥੇ ਬਿਰਲਾ ਨੇ ਸਪੀਕਰ ਦੇ ਆਸਣ ’ਤੇ ਬੈਠ ਕੇ ਰਸਮੀ ਤੌਰ ’ਤੇ ਅਹੁਦਾ ਗ੍ਰਹਿਣ ਕਰ ਲਿਆ। ਪ੍ਰਧਾਨ ਮੰਤਰੀ ਮੋਦੀ, ਰਾਹੁਲ ਗਾਂਧੀ ਤੇ ਸਦਨ ਵਿਚ ਪ੍ਰਮੁੱਖ ਪਾਰਟੀਆਂ ਦੇ ਹੋਰਨਾਂ ਆਗੂਆਂ ਨੇ ਆਪਣੇ ਸੰਬੋਧਨ ਵਿਚ ਬਿਰਲਾ ਨੂੰ ਸਪੀਕਰ ਚੁਣੇ ਜਾਣ ਦੀ ਵਧਾਈ ਦਿੱਤੀ।

ਓਮ ਬਿਰਲਾ ਨੇ ਸਪੀਕਰ ਦਾ ਚਾਰਜ ਲੈਣ ਮਗਰੋਂ ਇਕ ਮਤਾ ਪੜ੍ਹਦਿਆਂ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 1975 ਵਿਚ ਥੋਪੀ ਐਮਰਜੈਂਸੀ ਦੀ ਨਿਖੇਧੀ ਕੀਤੀ ਤੇ ਮੈਂਬਰਾਂ ਨੂੰ ਇਕ ਮਿੰਟ ਦਾ ਮੌਨ ਰੱਖਣ ਲਈ ਕਿਹਾ, ਜਿਸ ਦਾ ਵਿਰੋਧੀ ਧਿਰਾਂ ਨੇ ਜ਼ੋਰਦਾਰ ਵਿਰੋਧ ਕੀਤਾ। ਬਿਰਲਾ ਨੇ ਮਤਾ ਪੜ੍ਹਦੇ ਹੋਏ ਕਿਹਾ, ‘‘ਭਾਰਤ ਵਿਚ ਜਮਹੂਰੀ ਕਦਰਾਂ ਕੀਮਤਾਂ ਤੇ ਵਾਦ-ਵਿਵਾਦ ਦੀ ਹਮੇਸ਼ਾ ਹਮਾਇਤ ਕੀਤੀ ਗਈ ਹੈ… ਇੰਦਰਾ ਗਾਂਧੀ ਨੇ ਅਜਿਹੇ ਭਾਰਤ ’ਤੇ ਤਾਨਾਸ਼ਾਹੀ ਥੋਪੀ। ਭਾਰਤ ਦੀਆਂ ਜਮਹੂਰੀ ਕਦਰਾਂ ਕੀਮਤਾਂ ਨੂੰ ਮਧੋਲਿਆ ਗਿਆ ਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਗ਼ਲਾ ਘੁੱਟਿਆ ਗਿਆ।’’ ਵਿਰੋਧੀ ਧਿਰਾਂ ਵੱਲੋਂ ਕੀਤੀ ਨਾਅਰੇਬਾਜ਼ੀ ਦਰਮਿਆਨ ਬਿਰਲਾ ਨੇ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਦਿਨ ਹੀ ਸਦਨ ਦੀ ਕਾਰਵਾਈ ਨੂੰ ਵੀਰਵਾਰ ਤੱਕ ਲਈ ਮੁਲਤਵੀ ਕਰ ਦਿੱਤਾ। ਵਿਰੋਧੀ ਧਿਰਾਂ ਨੇ ਐਮਰਜੈਂਸੀ ਨਾਲ ਸਬੰਧਤ ਮਤੇ ਨੂੰ ਲੈ ਕੇ ਜਿੱਥੇ ਸਦਨ ਦੇ ਅੰਦਰ ਪ੍ਰਦਰਸ਼ਨ ਕੀਤਾ, ਉਥੇ ਭਾਜਪਾ ਮੈਂਬਰਾਂ ਨੇ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦਿਆਂ ਐਮਰਜੈਂਸੀ ਲਈ ਕਾਂਗਰਸ ਤੋਂ ਮੁਆਫ਼ੀ ਮੰਗੇ ਜਾਣ ਦੀ ਮੰਗ ਕੀਤੀ।ਇਸ ਤੋਂ ਪਹਿਲਾਂ ਬਿਰਲਾ ਨੇ ਸਪੀਕਰ ਦਾ ਅਹੁਦਾ ਸੰਭਾਲਣ ਮਗਰੋਂ ਸਦਨ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਸੱਤਾਧਾਰੀ ਤੇ ਵਿਰੋਧੀ ਧਿਰਾਂ ਮਿਲ ਕੇ ਸਦਨ ਦੀ ਕਾਰਵਾਈ ਨੂੰ ਚਲਾਉਂਦੀਆਂ ਹਨ। ਉਨ੍ਹਾਂ ਕਿਹਾ, ‘‘ਹਰੇਕ ਦੀ ਗੱਲ ਸੁਣਨਾ ਤੇ ਹਰੇਕ ਦੀ ਸਹਿਮਤੀ ਨਾਲ ਸਦਨ ਦੀ ਕਾਰਵਾਈ ਚਲਾਉਣਾ ਭਾਰਤੀ ਜਮਹੂਰੀਅਤ ਦੀ ਤਾਕਤ ਹੈ। ਮੈਂ ਉਮੀਦ ਕਰਦਾ ਹਾਂ ਕਿ ਮੈਂ ਹਰੇਕ ਦੀ ਸਹਿਮਤੀ ਨਾਲ ਸਦਨ ਚਲਾਵਾਂਗਾ। ਜੇ ਕਿਸੇ ਪਾਰਟੀ ਦਾ ਇਕ ਮੈਂਬਰ ਹੈ ਤਾਂ ਉਸ ਨੂੰ ਵੀ ਯੋਗ ਸਮਾਂ ਮਿਲਣਾ ਚਾਹੀਦਾ ਹੈ।’’ ਬਿਰਲਾ ਨੇ ਕਿਹਾ, ‘‘ਮੈਂ ਵੀ ਇਹ ਉਮੀਦ ਕਰਦਾ ਹਾਂ ਕਿ ਸਦਨ ਬਿਨਾਂ ਕਿਸੇ ਅੜਿੱਕੇ ਦੇ ਚੱਲੇ। ਲੋਕ ਸਾਨੂੰ ਇਸੇ ਆਸ ਤੇ ਉਮੀਦ ਨਾਲ ਚੁਣਦੇ ਹਨ, ਇਸ ਕਰਕੇ ਮੈਂ ਅਪੀਲ ਕਰਦਾ ਹਾਂ ਕਿ ਸਦਨ ਦੀ ਕਾਰਵਾਈ ਵਿਚ ਕਿਸੇ ਤਰ੍ਹਾਂ ਅੜਿੱਕਾ ਨਹੀਂ ਪੈਣਾ ਚਾਹੀਦਾ। ਆਲੋਚਨਾ ਹੋ ਸਕਦੀ ਹੈ, ਪਰ ਅੜਿੱਕਾ ਸਦਨ ਦੀ ਰਵਾਇਤ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਮੈਂ ਕਿਸੇ ਮੈਂਬਰ ਖਿਲਾਫ਼ ਕਾਰਵਾਈ ਨਹੀਂ ਕਰਨੀ ਚਾਹੁੰਦਾ, ਪਰ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਸੰਸਦੀ ਰਵਾਇਤਾਂ ਦੇ ਉੱਚੇ ਮਿਆਰ ਨੂੰ ਕਾਇਮ ਰੱਖਣ। ਇਸ ਲਈ ਕਈ ਵਾਰ ਮੈਨੂੰ ਸਖ਼ਤ ਫੈਸਲੇ ਲੈਣੇ ਪੈਂਦੇ ਹਨ।’’ ਉਨ੍ਹਾਂ ਕਿਹਾ ਕਿ ਮੈਂਬਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਗਲੇ ਪੰਜ ਸਾਲ ਜਦੋਂ ਸਪੀਕਰ ਖੜ੍ਹਾ ਹੈ ਤਾਂ ਉਨ੍ਹਾਂ ਨੂੰ ਆਪਣੀਆਂ ਸੀਟਾਂ ’ਤੇ ਬੈਠ ਜਾਣਾ ਚਾਹੀਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਵਿਚ ਐਮਰਜੈਂਸੀ ਦੀ ਨਿਖੇਧੀ ਕਰਨ ਲਈ ਸਪੀਕਰ ਓਮ ਬਿਰਲਾ ਦੀ ਸ਼ਲਾਘਾ ਕੀਤੀ। ਉਨ੍ਹਾਂ ਐਕਸ ’ਤੇ ਇਕ ਪੋਸਟ ਵਿਚ ਬਿਰਲਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਐਮਰਜੈਂਸੀ ਦਾ ਸੰਤਾਪ ਝੱਲਣ ਵਾਲਿਆਂ ਲਈ ਇਕ ਮਿੰਟ ਦਾ ਮੌਨ ਰੱਖਣਾ ਸ਼ਾਨਦਾਰ ਸੈਨਤ ਸੀ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਓਮ ਬਿਰਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ 1975 ਵਿਚ ਲਾਈ ਐਮਰਜੈਂਸੀ ਨੇ ਕਾਂਗਰਸ ਦੀ ‘ਲੋਕਤੰਤਰ ਵਿਰੋਧੀ’ ਸੋਚ ਨੂੰ ਜੱਗ ਜ਼ਾਹਿਰ ਕਰ ਦਿੱਤਾ ਸੀ, ਜਿਸ ਨੇ ਜਮਹੂਰੀਅਤ ਦੇ ‘ਨਿਆਂਪਾਲਿਕਾ, ਅਫਸਰਸ਼ਾਹੀ ਤੇ ਮੀਡੀਆ’ ਜਿਹੇ ਪ੍ਰਮੁੱਖ ਥੰਮ੍ਹਾਂ ਨੂੰ ਨੁਕਸਾਨ ਪਹੁੰਚਾਇਆ ਸੀ।

Related posts

ਗਾਜ਼ਾ ਸ਼ਹਿਰ ਦੇ ਸਕੂਲ ’ਚ ਚੱਲਦੇ ਸ਼ਰਨਾਰਥੀ ਕੈਂਪ ਉੱਤੇ ਹਵਾਈ ਹਮਲੇ, 100 ਤੋਂ ਵੱਧ ਮੌਤਾਂ

Gagan Deep

ਆਕਲੈਂਡ ਦੇ ਪਾਪਾਟੋਏਟੋਏ ਵਿੱਚ ਔਰਤ ਦੀ ਮੌਤ ਤੋਂ ਬਾਅਦ ਇੱਕ ਵਿਅਕਤੀ ‘ਤੇ ਦੋਸ਼

Gagan Deep

Cyclone Remal: ਕੋਲਕਾਤਾ ਏਅਰਪੋਰਟ ‘ਤੇ 394 ਉਡਾਣਾਂ ਰੱਦ, 63,000 ਯਾਤਰੀਆਂ ‘ਤੇ ਅਸਰ, ਕੀ ਕਰਨ ਯਾਤਰੀ?

Gagan Deep

Leave a Comment