ਤਹਿਰਾਨ ਨੇ ਇਤਾਲਵੀ ਪੱਤਰਕਾਰ ਸੇਸਿਲੀਆ ਸਲਾ ਨੂੰ ਇਸਲਾਮੀ ਗਣਰਾਜ ਦੇ ਕਾਨੂੰਨਾਂ ਦੀ ਉਲੰਘਣਾ ਲਈ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਇਰਾਨ ਦੇ ਕਲਚਰ ਤੇ ਇਸਲਾਮਿਕ ਗਾਈਡੈਂਸ ਬਾਰੇ ਮੰਤਰੀ ਨੇ ਇਕ ਬਿਆਨ ਵਿਚ ਕਿਹਾ ਕਿ ਸੇਸਿਲੀਆ ਸਲਾ 13 ਦਸੰਬਰ ਨੂੰ ਪੱਤਰਕਾਰ ਵੀਜ਼ੇ ਉੱਤੇ ਇਰਾਨ ਆਈ ਸੀ ਤੇ ਛੇ ਦਿਨਾਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਰਕਾਰੀ ਖ਼ਬਰ ਏਜੰਸੀ ਇਰਨਾ ਮੁਤਾਬਕ ਸਲਾ ਦਾ ਕੇਸ ਜਾਂਚ ਅਧੀਨ ਹੈ ਤੇ ਉਸ ਦੀ ਗ੍ਰਿਫ਼ਤਾਰੀ ਬਾਰੇ ਤਹਿਰਾਨ ਵਿਚਲੀ ਇਤਾਲਵੀ ਅੰਬੈਸੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਸਲਾ ਨੂੰ ਸਬੰਧਤ ਨੇਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਤੱਕ ਕੌਂਸੁਲਰ ਰਸਾਈ ਵੀ ਦਿੱਤੀ ਗਈ ਹੈ। ਉਸ ਦੀ ਫੋਨ ਉੱਤੇ ਪਰਿਵਾਰ ਨਾਲ ਵੀ ਗੱਲ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਟਲੀ ਦੇ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਇਰਾਨ ਪੁਲੀਸ ਨੇ ਸਲਾ ਨੂੰ ਤਹਿਰਾਨ ਵਿਚ ਹਿਰਾਸਤ ਵਿਚ ਲਿਆ ਹੈ। ਸਲਾ ਇਟਲੀ ਦੇ ਰੋਜ਼ਨਾਮਚੇ ਅਲ ਫੋਜੀਲੀਓ ਦੀ ਰਿਪੋਰਟਰ ਹੈ। ਅਖ਼ਬਾਰ ਮੁਤਾਬਕ ਸਲਾ ਨੂੰ ਤਹਿਰਾਨ ਦੀ ਐਵਿਨ ਜੇਲ੍ਹ ਵਿਚ ਰੱਖਿਆ ਗਿਆ ਹੈ।
Related posts
- Comments
- Facebook comments