World

ਅਮਰੀਕਾ: 18 ਹਜ਼ਾਰ ਪਰਵਾਸੀ ਭਾਰਤੀਆਂ ’ਤੇ ਲਟਕੀ ਤਲਵਾਰ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਸ਼ਾਸਨ ਭਾਰਤ ਨਾਲ ਆਰਥਿਕ ਸਬੰਧਾਂ ਨੂੰ ਅੱਗੇ ਵਧਾਉਣ ਦਾ ਚਾਹਵਾਨ ਹੈ ਪਰ ਨਾਲ ਹੀ ਗ਼ੈਰ-ਕਾਨੂੰਨੀ ਪਰਵਾਸੀਆਂ ਨਾਲ ਜੁੜੇ ਮੁੱਦਿਆਂ ਦਾ ਹੱਲ ਕੱਢਣਾ ਚਾਹੁੰਦਾ ਹੈ। ਰੂਬੀਓ ਨੇ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨਾਲ ਬੈਠਕ ਦੌਰਾਨ ਇਹ ਵਿਚਾਰ ਪ੍ਰਗਟਾਏ। ਜ਼ਿਕਰਯੋਗ ਹੈ ਕਿ ‘ਬਲੂਮਬਰਗ’ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਨੇ ਕਰੀਬ 18 ਹਜ਼ਾਰ ਭਾਰਤੀ ਪਰਵਾਸੀਆਂ ਦੀ ਪਛਾਣ ਕੀਤੀ ਹੈ ਜੋ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਵਤਨ ਵਾਪਸ ਭੇਜਿਆ ਜਾ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕਾ ’ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿੰਦੇ ਆਪਣੇ ਸਾਰੇ ਨਾਗਰਿਕਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਵਾਪਸੀ ਲਈ ਭਾਰਤ ਸਰਕਾਰ, ਟਰੰਪ ਪ੍ਰਸ਼ਾਸਨ ਨਾਲ ਰਲ ਕੇ ਕੰਮ ਕਰਨ ਲਈ ਤਿਆਰ ਹੈ। ਰੂਬੀਓ (53) ਨੇ ਸਭ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਨਾਲ ਪਹਿਲੀ ਦੁਵੱਲੀ ਮੀਟਿੰਗ ਕਰਨ ਨੂੰ ਤਰਜੀਹ ਦਿੱਤੀ, ਜਿਸ ਨਾਲ ਇਹ ਸੁਨੇਹਾ ਗਿਆ ਕਿ ਟਰੰਪ ਪ੍ਰਸ਼ਾਸਨ ਭਾਰਤ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਨੂੰ ਕਾਫ਼ੀ ਅਹਿਮੀਅਤ ਦੇ ਰਿਹਾ ਹੈ।

ਰੂਬੀਓ ਨੇ ‘ਕੁਆਡ’ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਫੌਰੀ ਮਗਰੋਂ ਵਿਦੇਸ਼ ਮੰਤਰਾਲੇ ਦੇ ‘ਫੌਗੀ ਬੌਟਮ’ ਹੈੱਡਕੁਆਰਟਰ ਵਿਚ ਜੈਸ਼ੰਕਰ ਨਾਲ ਬੈਠਕ ਕੀਤੀ। ਵਿਦੇਸ਼ੀ ਮੰਤਰਾਲੇ ਦੀ ਤਰਜਮਾਨ ਟੈਮੀ ਬਰੂਸ ਨੇ ਇਕ ਬਿਆਨ ਵਿਚ ਕਿਹਾ, ‘‘ਰੂਬੀਓ ਨੇ ਭਾਰਤ ਨਾਲ ਆਰਥਿਕ ਰਿਸ਼ਤਿਆਂ ਨੂੰ ਅੱਗੇ ਵਧਾਉਣ ਤੇ ਗੈਰਕਾਨੂੰਨੀ ਪਰਵਾਸ ਨਾਲ ਜੁੜੇ ਮੁੱਦੇ ਹੱਲ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਇੱਛਾ ’ਤੇ ਜ਼ੋਰ ਦਿੱਤਾ ਹੈ।’’ ਤਰਜਮਾਨ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਅਮਰੀਕਾ-ਭਾਰਤ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਉਭਰਦੀਆਂ ਤਕਨੀਕਾਂ, ਰੱਖਿਆ ਸਹਿਯੋਗ, ਊਰਜਾ ਅਤੇ ਖੁੱਲ੍ਹੇ ਤੇ ਆਜ਼ਾਦ ਹਿੰਦ ਪ੍ਰਸ਼ਾਂਤ ਖਿੱਤੇ ਨੂੰ ਅੱਗੇ ਵਧਾਉਣ ਸਣੇ ਵੱਖ ਵੱਖ ਮਸਲਿਆਂ ’ਤੇ ਚਰਚਾ ਕੀਤੀ। ਉਧਰ ਜੈਸ਼ੰਕਰ ਨੇ ਕਿਹਾ, ‘‘ਬੈਠਕ ਦੌਰਾਨ ਵਿਆਪਕ ਦੁਵੱਲੀ ਭਾਈਵਾਲੀ ਦੀ ਸਮੀਖਿਆ ਕੀਤੀ ਗਈ, ਜਿਸ ਦੇ ਰੂਬੀਓ ਮਜ਼ਬੂਤ ​​ਸਮਰਥਕ ਰਹੇ ਹਨ। ਵੱਖ-ਵੱਖ ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਵੀ ਵਿਚਾਰ ਸਾਂਝੇ ਕੀਤੇ। ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਸਹਿਯੋਗ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਹੈ।’’ ਜੈਸ਼ੰਕਰ, ਟਰੰਪ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਲਈ ਅਮਰੀਕੀ ਸਰਕਾਰ ਦੇ ਸੱਦੇ ’ਤੇ ਇੱਥੇ ਆਏ ਹਨ। ਟਰੰਪ ਨੇ ਸੋਮਵਾਰ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ।

Related posts

ਡਾ. ਮਨਮੋਹਨ ਸਿੰਘ ਦੇ ਦੇਹਾਂਤ ਸਬੰਧੀ ਸੋਗ ਨਾ ਪ੍ਰਗਟਾਉਣ ’ਤੇ ਸ਼ਰੀਫ਼ ਭਰਾਵਾਂ ਦੀ ਆਲੋਚਨਾ

Gagan Deep

ਨੇਪਾਲ ਦੇ ‘Buddha Boy’ ਨੂੰ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ‘ਚ 10 ਸਾਲ ਦੀ ਸਜ਼ਾ

Gagan Deep

ਕੋਰੋਨਾ ਤੋਂ ਬਾਅਦ ਹੁਣ ਜਾਪਾਨ ਤੋਂ ਉੱਠਿਆ ਇਹ ਵਾਇਰਸ! ਇਨ੍ਹਾਂ 5 ਦੇਸ਼ਾਂ ਵਿਚ ਸਾਹਮਣੇ ਆਏ ਮਾਮਲੇ

Gagan Deep

Leave a Comment