ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਉੱਤਰਕਾਸ਼ੀ, ਰੁਦਰਪ੍ਰਯਾਗ, ਦੇਹਰਾਦੂਨ, ਟੀਹਰੀ, ਪੌੜੀ, ਹਰਿਦੁਆਰ, ਨੈਣੀਤਾਲ, ਚੰਪਾਵਤ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਰੈੱਲ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਅਧਿਕਾਰੀਆਂ ਨੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਚਾਰਧਾਮ ਯਾਤਰਾ ਇੱਕ ਦਿਨ ਲਈ ਰੋਕ ਦਿੱਤੀ ਗਈ ਹੈ।
ਸੂਬੇ ਵਿੱਚ ਮੀਂਹ ਅਤੇ ਢਿੱਗਾਂ ਡਿੱਗਣ ਸਮੇਤ ਹੋਰ ਕੁਦਰਤੀ ਆਫ਼ਤਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਚਾਰਧਾਮ ਯਾਤਰਾ 24 ਘੰਟਿਆਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਗੜ੍ਹਵਾਲ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਕਿਹਾ ਕਿ ਇਹ ਫੈਸਲਾ ਮੌਜੂਦਾ ਮੌਸਮੀ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਉੱਤਰਕਾਸ਼ੀ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਅੱਜ ਤੜਕੇ 3 ਵਜੇ ਦੇ ਕਰੀਬ ਵਾਪਰੀ ਇਸ ਘਟਨਾ ਵਿੱਚ ਲਾਪਤਾ ਹੋਏ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਹ ਲਾਸ਼ਾਂ ਘਟਨਾ ਵਾਲੀ ਥਾਂ ਤੋਂ 18 ਕਿਲੋਮੀਟਰ ਦੂਰ ਯਮੁਨਾ ਨਦੀ ਦੇ ਕੰਢੇ ਤਿਲਾਡੀ ਸ਼ਹੀਦ ਸਮਾਰਕ ਨੇੜਿਓਂ ਮਿਲੀਆਂ ਹਨ। ਜਾਣਕਾਰੀ ਅਨੁਸਾਰ ਸਿਲਾਈ ਬੈਂਡ ਨੇੜੇ 29 ਮਜ਼ਦੂਰ ਇੱਕ ਹੋਟਲ ਦਾ ਨਿਰਮਾਣ ਕਾਰਜ ਕਰ ਰਹੇ ਸਨ, ਜਿਨ੍ਹਾਂ ’ਚੋਂ 20 ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਬੱਦਲ ਫਟਣ ਕਾਰਨ ਯਮੁਨੋਤਰੀ ਹਾਈਵੇਅ ਸਿਲਾਈ ਬੈਂਡ ਤੋਂ ਇਲਾਵਾ ਦੋ-ਤਿੰਨ ਹੋਰ ਥਾਵਾਂ ’ਤੇ ਬੰਦ ਹੈ। ਇਸ ਦੇ ਨਾਲ ਹੀ ਓਜਰੀ ਨੇੜੇ ਸੜਕੀ ਸੰਪਰਕ ਵੀ ਟੁੱਟ ਗਿਆ ਹੈ।