ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਪੁਲਿਸ ਨੇ ਕਿਹਾ ਹੈ ਕਿ ਉਹ ਇਸ ਵੇਲੇ ਇਹ ਨਹੀਂ ਦੱਸ ਸਕਦੇ ਕਿ ਇੰਟਰਨੈੱਟ ਵਰਤੋਂ ਦੇ ਆਡਿਟ ਤੋਂ ਬਾਅਦ ਕਿੰਨੇ ਕਰਮਚਾਰੀ ਜਾਂਚ ਹੇਠ ਹਨ, ਜੋ ਸਾਬਕਾ ਡਿਪਟੀ ਪੁਲਿਸ ਕਮਿਸ਼ਨਰ ਜੇਵਨ ਮੈਕਸਕਿਮਿੰਗ ਦੇ ਅਸਤੀਫ਼ੇ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ।
ਇਸ ਮਾਮਲੇ ‘ਤੇ ਪੁਲਿਸ ਮੰਤਰੀ ਮਾਰਕ ਮਿਟਚਲ ਨੇ ਕਿਹਾ ਹੈ ਕਿ ਉਹ ਅਗਲੇ ਹਫ਼ਤੇ ਪੁਲਿਸ ਕਮਿਸ਼ਨਰ ਅਤੇ ਅਧਿਕਾਰੀਆਂ ਨਾਲ ਇਹਨਾਂ ਦੋਸ਼ਾਂ ਬਾਰੇ ਬ੍ਰੀਫ਼ਿੰਗ ਲੈਣਗੇ। ਇਨ੍ਹਾਂ ਵਿੱਚ ਇੱਕ ਅਧਿਕਾਰੀ ਵੀ ਸ਼ਾਮਲ ਹੈ ਜਿਸਨੂੰ ਪੁਲਿਸ ਦੁਆਰਾ ਜਾਰੀ ਕੀਤੇ ਡਿਵਾਈਸ ‘ਤੇ ਅਣਉਚਿਤ ਸਮੱਗਰੀ ਮਿਲਣ ਕਾਰਨ ਮੁਅੱਤਲ ਕੀਤਾ ਗਿਆ ਹੈ।
ਪੁਲਿਸ ਦੀ ਐਕਟਿੰਗ ਡਿਪਟੀ ਕਮਿਸ਼ਨਰ ਜਿਲ ਰੋਜਰਸ ਨੇ ਗੱਲ ਕਰਦਿਆਂ ਪੁਸ਼ਟੀ ਕੀਤੀ ਕਿ ਇਕ ਪੁਲਿਸ ਅਧਿਕਾਰੀ ਨੂੰ ਡਿਊਟੀ ਤੋਂ ਹਟਾਇਆ ਗਿਆ ਹੈ।
ਰੋਜਰਸ ਨੇ ਕਿਹਾ “ਇਹ ਅਧਿਕਾਰੀ ਪੁਲਿਸ ਡਿਵਾਈਸ ‘ਤੇ ਅਣਉਚਿਤ (ਪਰ ਗੈਰ-ਅਸ਼ਲੀਲ) ਸਮੱਗਰੀ ਨਾਲ ਸੰਬੰਧਿਤ ਗੰਭੀਰ ਅਨੁਸ਼ਾਸਨਹੀਨਤਾ ਦੇ ਮਾਮਲੇ ਵਿੱਚ ਜਾਂਚ ਹੇਠ ਹੈ,”।“ਇਹ ਵਿਵਹਾਰ ਹਾਲ ਹੀ ਵਿੱਚ ਕਰਮਚਾਰੀਆਂ ਦੀ ਇੰਟਰਨੈੱਟ ਵਰਤੋਂ ਦੇ ਆਡਿਟ ਦੌਰਾਨ ਸਾਹਮਣੇ ਆਇਆ। ਕੁਝ ਵਰਤੋਂਕਾਰ ਚਿੰਤਾ ਦਾ ਕਾਰਨ ਬਣੇ ਹਨ ਅਤੇ ਹੁਣ ਉਨ੍ਹਾਂ ਦੀ ਨੇਸ਼ਨਲ ਇੰਟੈਗ੍ਰਿਟੀ ਯੂਨਿਟ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ।”
ਨਵੀਂ ਮਾਨੀਟਰਿੰਗ ਪ੍ਰਣਾਲੀ ਨਾਲ ਹੋਇਆ ਖੁਲਾਸਾ
ਪੁਲਿਸ ਕਮਿਸ਼ਨਰ ਰਿਚਰਡ ਚੈਂਬਰਜ਼ ਨੇ ਕਿਹਾ ਕਿ ਇਹ ਮਾਮਲੇ ਨਵੀਂ ਮਾਨੀਟਰਿੰਗ ਪ੍ਰਣਾਲੀ ਦੇ ਜ਼ਰੀਏ ਸਾਹਮਣੇ ਆਏ ਹਨ, ਜੋ ਮੈਕਸਕਿਮਿੰਗ ਦੇ ਅਸਤੀਫ਼ੇ ਤੋਂ ਬਾਅਦ ਸ਼ੁਰੂ ਕੀਤੇ ਗਏ “ਰੈਪਿਡ ਰਿਵਿਊ” ਦੇ ਨਤੀਜੇ ਹਨ। ਚੈਂਬਰਜ਼ ਨੇ ਕਿਹਾ “ਮੈਨੂੰ ਚਿੰਤਾ ਸੀ ਕਿ ਇਸ ਤਰ੍ਹਾਂ ਦੇ ਵਿਵਹਾਰ ਦੀ ਪਛਾਣ ਨਹੀਂ ਹੋ ਰਹੀ ਸੀ, ਇਸ ਲਈ ਮੈਂ ਇਹ ਰਿਵਿਊ ਸ਼ੁਰੂ ਕੀਤਾ,”। “ਹੁਣ ਇਹ ਦੇਖ ਕੇ ਤਸੱਲੀ ਮਿਲਦੀ ਹੈ ਕਿ ਸਾਡੇ ਕੋਲ ਉਹ ਸਾਧਨ ਹਨ ਜਿਨ੍ਹਾਂ ਨਾਲ ਅਣਉਚਿਤ ਵਿਵਹਾਰ ਦੀ ਪਛਾਣ ਹੋ ਸਕਦੀ ਹੈ।”
ਆਰਐੱਨਜੈੱਡ ਨੇ ਪੁਲਿਸ ਤੋਂ ਪੁੱਛਿਆ ਕਿ ਕੁੱਲ ਕਿੰਨੇ ਕਰਮਚਾਰੀ ਜਾਂਚ ਹੇਠ ਹਨ, ਪਰ ਬੁਲਾਰੇ ਨੇ ਕਿਹਾ “ਇਹ ਮਾਮਲਾ ਇਸ ਵੇਲੇ ਜਾਂਚ ਦੇ ਦੌਰ ਵਿੱਚ ਹੈ, ਇਸ ਲਈ ਇਸ ਬਾਰੇ ਹੋਰ ਕੋਈ ਟਿੱਪਣੀ ਕਰਨਾ ਉਚਿਤ ਨਹੀਂ।”
