ਪੰਜਾਬ ਦੀ ਸਿਰਮੌਰ ਗਾਇਕਾ, ਸਾਹਿਤ,ਸੱਭਿਆਚਾਰ, ਵਿਰਸੇ ਅਤੇ ਵਿਰਾਸਤ ਦੀ ਵਿਸ਼ਾਲ ਯੂਨੀਵਰਸਿਟੀ, ਪੰਜਾਬੀ ਸੱਭਿਆਚਾਰ ਦੀ ਜਿਉਂਦੀ ਜਾਗਦੀ ਮਿਸਾਲ ਸੁਖਮਿੰਦਰ ਕੌਰ ਬਰਾੜ ਉਰਫ ਸੁੱਖੀ ਬਰਾੜ (ਪੰਜਾਬ ਕੌਰ) ਨੂੰ ਸੱਭਿਆਚਾਰਕ ਮਾਮਲੇ ਵਿਭਾਗ ਚੰਡੀਗੜ੍ਹ ਵੱਲੋਂ ” ਸੰਗੀਤ ਨਾਟਕ ਅਕੈਡਮੀ, ਚੰਡੀਗੜ੍ਹ ਦੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ! ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਉੱਘੇ ਗੀਤਕਾਰ ਤੇ ਪੇਸ਼ਕਾਰ
ਭੱਟੀ ਭੜੀਵਾਲਾ ਨੇ ਦੱਸਿਆ ਕਿ ਸੁੱਖੀ ਬਰਾੜ ਨੂੰ ਓਹਨਾਂ ਵੱਲੋਂ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਪਾਏ ਵਢਮੁੱਲੇ ਯੋਗਦਾਨ ਬਦਲੇ ਅਤੇ ਓਹਨਾਂ ਵੱਲੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਉਪਰਾਲਿਆਂ ਨੂੰ ਦੇਖਦੇ ਹੋਏ ਇਸ ਅਹਿਮ ਅਹੁਦੇ ਨਾਲ ਨਿਵਾਜਿਆ ਹੈ!
ਸੁੱਖੀ ਬਰਾੜ ਪਿਛਲੇ 4 ਦਹਾਕਿਆਂ ਤੋਂ ਪੰਜਾਬ, ਪੰਜਾਬੀ,ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੀ ਨਿਰੰਤਰ ਸੇਵਾ ਕਰਦੀ ਆ ਰਹੀ ਹੈ ! ਪੇਂਡੂ ਤੇ ਦੇਸੀ ਪਹਿਰਾਵੇ, ਲੋਕ ਬੋਲੀਆਂ,ਲੋਕ ਰੰਗ,ਲੋਕ ਗਾਥਾਵਾਂ,ਲੋਕ ਸਾਜਾਂ ਅਤੇ ਵਿਰਸੇ ਦੀ ਜਿਉਂਦੀ ਜਾਗਦੀ ਮਿਸਾਲ ਹੈ ! ” ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ” ਦੀ ਚੇਅਰਮੈਨ ਦਾ ਅਹੁਦਾ ਸੁੱਖੀ ਬਰਾੜ ਜੀ ਨੂੰ ਮਿਲਣਾ ਪੰਜਾਬੀਆਂ ਲਈ ਮਾਣ ਦੀ ਗੱਲ ਹੈ !
