ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ ਵਿੱਚ ਇੱਕ ਨਵਜਨਮੇ ਬੱਚੇ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ 2 ਜਨਵਰੀ ਨੂੰ 10 ਹਫ਼ਤਿਆਂ ਦੇ ਬੱਚੇ ਨੂੰ ਗੰਭੀਰ ਹਾਲਤ ਵਿੱਚ ਪੁਕੇਕੋਹੇ ਮੈਟਰਨਿਟੀ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਮੈਡੀਕਲ ਸਟਾਫ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਬੱਚੇ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸਨੂੰ ਸਟਾਰਸ਼ਿਪ ਚਿਲਡਰਨਜ਼ ਹਸਪਤਾਲ ਤਬਦੀਲ ਕਰ ਦਿੱਤਾ ਗਿਆ, ਪਰ ਬੁੱਧਵਾਰ ਨੂੰ ਉਹ “ਨਾ-ਬਚਣਯੋਗ ਸੱਟਾਂ” ਕਾਰਨ ਦਮ ਤੋੜ ਗਿਆ।
ਡਿਟੈਕਟਿਵ ਇੰਸਪੈਕਟਰ ਕੈਰਨ ਬ੍ਰਾਈਟ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ 27 ਸਾਲਾ ਔਰਤ ਅਤੇ ਇੱਕ 23 ਸਾਲਾ ਆਦਮੀ ‘ਤੇ ਸਾਂਝੇ ਤੌਰ ‘ਤੇ ਇੱਕ ਬੱਚੇ ਨਾਲ ਬਦਸਲੂਕੀ ਅਤੇ ਅਣਗਹਿਲੀ ਕਰਨ ਦੇ ਦੋਸ਼ ਲਗਾਏ ਗਏ ਹਨ। ਦੋਵੇਂ ਦੋਸ਼ੀ 8 ਮਈ ਨੂੰ ਮੈਨੂਕਾਊ ਜ਼ਿਲ੍ਹਾ ਅਦਾਲਤ ਵਿੱਚ ਮੁੜ ਪੇਸ਼ ਹੋਣਗੇ।
ਕਾਨੂੰਨੀ ਕਾਰਵਾਈ ਦੇ ਮੱਦੇਨਜ਼ਰ ਬੱਚੇ ਅਤੇ ਕਥਿਤ ਦੋਸ਼ੀਆਂ ਦੇ ਨਾਮ ਫਿਲਹਾਲ ਜਨਤਕ ਨਹੀਂ ਕੀਤੇ ਗਏ। ਪੁਲਿਸ ਨੇ ਕਿਹਾ ਹੈ ਕਿ ਜਾਂਚ ਹਾਲੇ ਵੀ ਜਾਰੀ ਹੈ ਅਤੇ ਹੋਰ ਸੰਭਾਵਤ ਦੋਸ਼ਾਂ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
Related posts
- Comments
- Facebook comments
