ਆਕਲੈਂਡ (ਐੱਨ ਜੈੱਡ ਤਸਵੀਰ) ਇਰਾਨ ਵਿੱਚ ਬਿਗੜ ਰਹੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਨਿਊਜ਼ੀਲੈਂਡ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਤੇਹਰਾਨ ਸਥਿਤ ਆਪਣਾ ਦੂਤਾਵਾਸ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ। ਇਸਦੇ ਨਾਲ ਹੀ ਦੂਤਾਵਾਸ ਵਿੱਚ ਤਾਇਨਾਤ ਸਾਰੇ ਡਿਪਲੋਮੈਟਿਕ ਅਤੇ ਸਹਾਇਕ ਸਟਾਫ਼ ਨੂੰ ਸੁਰੱਖਿਅਤ ਤਰੀਕੇ ਨਾਲ ਇਰਾਨ ਤੋਂ ਬਾਹਰ ਕੱਢ ਲਿਆ ਗਿਆ ਹੈ।
ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਹੈ ਕਿ ਇਰਾਨ ਵਿੱਚ ਹਾਲੀਆ ਦਿਨਾਂ ਦੌਰਾਨ ਹਿੰਸਾ ਅਤੇ ਅਸਥਿਰਤਾ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਨਿਊਜ਼ੀਲੈਂਡ ਸਟਾਫ਼ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਸਨ। ਸਰਕਾਰ ਨੇ ਸਥਿਤੀ ਦੀ ਲਗਾਤਾਰ ਸਮੀਖਿਆ ਤੋਂ ਬਾਅਦ ਇਹ ਕਦਮ ਚੁੱਕਿਆ।
ਅਧਿਕਾਰੀਆਂ ਮੁਤਾਬਕ, ਦੂਤਾਵਾਸ ਦਾ ਸਟਾਫ਼ ਕਮੇਰਸ਼ੀਅਲ ਉਡਾਣਾਂ ਰਾਹੀਂ ਸੁਰੱਖਿਅਤ ਤੌਰ ‘ਤੇ ਇਰਾਨ ਤੋਂ ਨਿਕਲ ਗਿਆ ਹੈ ਅਤੇ ਹੁਣ ਨਿਊਜ਼ੀਲੈਂਡ ਦੇ ਇਰਾਨ ਨਾਲ ਸੰਬੰਧਿਤ ਦੂਤਾਵਾਸੀ ਕੰਮ ਤੁਰਕੀ ਦੀ ਰਾਜਧਾਨੀ ਅੰਕਾਰਾ ਤੋਂ ਸੰਭਾਲੇ ਜਾਣਗੇ।
ਵਿਦੇਸ਼ ਮਾਮਲਿਆਂ ਦੇ ਮੰਤਰੀ ਵਿੰਸਟਨ ਪੀਟਰਜ਼ ਨੇ ਕਿਹਾ ਕਿ ਨਿਊਜ਼ੀਲੈਂਡ ਹਰ ਸਥਿਤੀ ਵਿੱਚ ਆਪਣੇ ਨਾਗਰਿਕਾਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਪਹਿਲ ਦੇਂਦਾ ਹੈ। ਉਨ੍ਹਾਂ ਇਰਾਨ ਵਿੱਚ ਵਧ ਰਹੀ ਹਿੰਸਾ ਅਤੇ ਦਬਾਅ ਦੀ ਨਿੰਦਾ ਕਰਦਿਆਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰਨਾ ਹਰ ਵਿਅਕਤੀ ਦਾ ਮੂਲ ਅਧਿਕਾਰ ਹੈ।
ਇਸ ਦੇ ਨਾਲ ਹੀ ਨਿਊਜ਼ੀਲੈਂਡ ਸਰਕਾਰ ਨੇ ਇਰਾਨ ਵਿੱਚ ਮੌਜੂਦ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ, ਜੇ ਸੰਭਵ ਹੋਵੇ, ਤਾਂ ਦੇਸ਼ ਛੱਡਣ ਬਾਰੇ ਸੋਚਣ। ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਦੂਤਾਵਾਸ ਬੰਦ ਹੋਣ ਕਾਰਨ ਮੌਕੇ ‘ਤੇ ਕਾਂਸੁਲਰ ਸਹਾਇਤਾ ਸੀਮਿਤ ਰਹੇਗੀ।
ਸਰਕਾਰੀ ਹਲਕਿਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਸੁਰੱਖਿਆ ਹਾਲਾਤ ਸੁਧਰਦੇ ਹਨ, ਦੂਤਾਵਾਸ ਨੂੰ ਮੁੜ ਖੋਲ੍ਹਣ ਬਾਰੇ ਫੈਸਲਾ ਕੀਤਾ ਜਾਵੇਗਾ।
