(ਐੱਨ ਜੈੱਡ ਤਸਵੀਰ) ਇੱਕ IT ਕਰਮਚਾਰੀ ਰਿਚਾਰਡ ਐਸਕੂਟਿਨ ਨੂੰ ਕੰਪਨੀ ਦੇ ਕ੍ਰੈਡਿਟ ਕਾਰਡ ਦੀ ਨਿੱਜੀ ਮਕਸਦਾਂ ਲਈ ਗਲਤ ਵਰਤੋਂ ਕਰਨ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਅਦਾਲਤ ਅਨੁਸਾਰ, ਦੋਸ਼ੀ ਨੇ ਆਪਣੇ ਨੌਕਰੀ ਸੰਬੰਧੀ ਦੌਰਿਆਂ ਦੌਰਾਨ ਕੰਪਨੀ ਦੇ ਕਾਰਡ ਨਾਲ escorts ਅਤੇ dating services ਸਮੇਤ ਕਈ ਹੋਰ ਨਿੱਜੀ ਖ਼ਰਚੇ ਕੀਤੇ।
ਅਦਾਲਤ ਵਿੱਚ ਪੇਸ਼ ਕੀਤੇ ਗਏ ਤੱਥਾਂ ਮੁਤਾਬਕ, ਐਸਕੂਟਿਨ ਵੱਲੋਂ ਕੀਤੇ ਗਏ ਗੈਰ-ਕਾਨੂੰਨੀ ਖ਼ਰਚਿਆਂ ਦੀ ਕੁੱਲ ਰਕਮ ਕਰੀਬ $17,680 ਬਣਦੀ ਹੈ। ਇਨ੍ਹਾਂ ਵਿੱਚ ਨਕਦੀ ਨਿਕਾਸ, ਨਿੱਜੀ ਉਡਾਣਾਂ, ਕਾਰ ਦੀ ਮੁਰੰਮਤ ਅਤੇ ਇੱਕ ਮਹਿੰਗੀ ਘੜੀ ਦੀ ਖਰੀਦ ਵੀ ਸ਼ਾਮਲ ਸੀ। ਹਾਲਾਂਕਿ ਇਹ ਰਕਮ ਬਾਅਦ ਵਿੱਚ ਵਾਪਸ ਕਰ ਦਿੱਤੀ ਗਈ, ਪਰ ਅਦਾਲਤ ਨੇ ਇਸ ਕਰਤੂਤ ਨੂੰ ਭਰੋਸੇ ਦੀ ਗੰਭੀਰ ਉਲੰਘਣਾ ਕਰਾਰ ਦਿੱਤਾ।
ਸੁਣਵਾਈ ਦੌਰਾਨ ਦੋਸ਼ੀ ਨੇ ਦਲੀਲ ਦਿੱਤੀ ਕਿ ਲੰਮੇ ਸਮੇਂ ਤੱਕ ਘਰ ਤੋਂ ਦੂਰ ਰਹਿਣ ਕਰਕੇ ਉਸਨੇ ਇਹ ਖ਼ਰਚੇ ਕੀਤੇ, ਪਰ ਜੱਜ ਨੇ ਕਿਹਾ ਕਿ ਅਜਿਹੇ ਖ਼ਰਚਿਆਂ ਦਾ ਕੰਮ ਨਾਲ ਕੋਈ ਸਿੱਧਾ ਸੰਬੰਧ ਨਹੀਂ ਸੀ ਅਤੇ ਇਹ ਕਤਈ ਜਾਇਜ਼ ਨਹੀਂ ਹਨ।
ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ 200 ਘੰਟਿਆਂ ਦੀ ਕਮਿਊਨਿਟੀ ਸੇਵਾ ਦੀ ਸਜ਼ਾ ਸੁਣਾਈ। ਇਸ ਮਾਮਲੇ ਨੇ ਕੰਪਨੀਆਂ ਵਿੱਚ ਵਿੱਤੀ ਨਿਗਰਾਨੀ ਅਤੇ ਕਰਮਚਾਰੀਆਂ ਵੱਲੋਂ ਅਧਿਕਾਰਾਂ ਦੀ ਸਹੀ ਵਰਤੋਂ ਬਾਰੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹਨ।
Related posts
- Comments
- Facebook comments
