ਆਕਲੈਂਡ(ਐੱਨ ਜੈੱਡ ਤਸਵੀਰ) ਇਮੀਗ੍ਰੇਸ਼ਨ ਨਿਊਜ਼ੀਲੈਂਡ (Immigration New Zealand) ਨੇ ਦੇਸ਼ ਵਾਸੀਆਂ ਨੂੰ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਨਿਊਜ਼ੀਲੈਂਡ ਵਿੱਚ ਫੋਨ ਰਾਹੀਂ ਹੋਣ ਵਾਲੀਆਂ ਧੋਖਾਧੜੀਆਂ ਲਗਾਤਾਰ ਵੱਧ ਰਹੀਆਂ ਹਨ ਅਤੇ ਇਹ ਸਕੈਮ ਹੁਣ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਚਤੁਰ ਅਤੇ ਭਰੋਸੇਯੋਗ ਦਿੱਖ ਵਾਲੇ ਬਣ ਚੁੱਕੇ ਹਨ।
ਵਿਭਾਗ ਮੁਤਾਬਕ ਧੋਖੇਬਾਜ਼ ਆਪਣੇ ਆਪ ਨੂੰ ਇਮੀਗ੍ਰੇਸ਼ਨ ਅਧਿਕਾਰੀ ਦੱਸ ਕੇ ਲੋਕਾਂ ਨੂੰ ਕਾਲ ਕਰ ਰਹੇ ਹਨ ਅਤੇ ਨਿਊਜ਼ੀਲੈਂਡ ਦੇ ਹੀ ਮੋਬਾਈਲ ਨੰਬਰਾਂ ਦੀ ਵਰਤੋਂ ਕਰਦੇ ਹਨ, ਤਾਂ ਜੋ ਕਾਲ ਅਸਲੀ ਲੱਗੇ। ਕਾਲ ਕਰਨ ਵਾਲੇ ਆਮ ਤੌਰ ‘ਤੇ ਕਹਿੰਦੇ ਹਨ ਕਿ ਵਿਜ਼ਾ ਜਾਂ ਇਮੀਗ੍ਰੇਸ਼ਨ ਦਰਜੇ ਨਾਲ ਜੁੜੀ ਕੋਈ ਗੰਭੀਰ ਸਮੱਸਿਆ ਹੈ ਅਤੇ ਤੁਰੰਤ ਕਾਰਵਾਈ ਦੀ ਲੋੜ ਹੈ।
ਕਈ ਮਾਮਲਿਆਂ ਵਿੱਚ ਲੋਕਾਂ ਨੂੰ “Press 1” ਦਬਾਉਣ ਲਈ ਕਿਹਾ ਜਾਂਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਤੋਂ ਪਾਸਪੋਰਟ ਵੇਰਵੇ, ਬੈਂਕ ਜਾਣਕਾਰੀ ਜਾਂ ਭੁਗਤਾਨ ਦੀ ਮੰਗ ਕੀਤੀ ਜਾਂਦੀ ਹੈ।
ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਸਪੱਸ਼ਟ ਕੀਤਾ ਹੈ ਕਿ ਵਿਭਾਗ ਕਦੇ ਵੀ ਫੋਨ ਰਾਹੀਂ ਪੈਸਿਆਂ ਦੀ ਮੰਗ ਨਹੀਂ ਕਰਦਾ, ਨਾ ਹੀ ਕਿਸੇ ਤੋਂ ਬੈਂਕ ਜਾਂ ਨਿੱਜੀ ਵੇਰਵੇ ਲੈਂਦਾ ਹੈ। ਅਜਿਹੀ ਕਿਸੇ ਵੀ ਕਾਲ ਨੂੰ ਧੋਖਾਧੜੀ ਮੰਨਿਆ ਜਾਣਾ ਚਾਹੀਦਾ ਹੈ।
ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ੱਕੀ ਕਾਲ ਆਉਣ ‘ਤੇ ਤੁਰੰਤ ਕਾਲ ਕੱਟ ਦਿੱਤੀ ਜਾਵੇ, ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ ਅਤੇ ਮਾਮਲੇ ਨੂੰ CERT NZ ਜਾਂ ਸੰਬੰਧਿਤ ਅਧਿਕਾਰੀਆਂ ਕੋਲ ਰਿਪੋਰਟ ਕੀਤਾ ਜਾਵੇ।
ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਵਧਾਨੀ ਅਤੇ ਜਾਣਕਾਰੀ ਹੀ ਅਜਿਹੀਆਂ ਧੋਖਾਧੜੀਆਂ ਤੋਂ ਬਚਾਅ ਦਾ ਸਭ ਤੋਂ ਵਧੀਆ ਢੰਗ ਹੈ।
Related posts
- Comments
- Facebook comments
