ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਸਿਹਤ ਪ੍ਰਣਾਲੀ ਵਿੱਚ ਇੱਕ ਅਹੰਮ ਬਦਲਾਅ ਤਹਿਤ ਹੁਣ ਬਾਲਗ ADHD (Attention-Deficit Hyperactivity Disorder) ਮਰੀਜ਼ਾਂ ਲਈ ਪਹਿਲੀ ਵਾਰ ਜਨਰਲ ਪ੍ਰੈਕਟੀਸ਼ਨਰ (GP) ਵੱਲੋਂ ਦਵਾਈਆਂ ਦੇ ਪ੍ਰਿਸਕ੍ਰਿਪਸ਼ਨ ਜਾਰੀ ਕੀਤੇ ਗਏ ਹਨ। ਇਸ ਨਾਲ ADHD ਨਾਲ ਜੂਝ ਰਹੇ ਹਜ਼ਾਰਾਂ ਮਰੀਜ਼ਾਂ ਲਈ ਇਲਾਜ ਤੱਕ ਪਹੁੰਚ ਆਸਾਨ ਹੋਣ ਦੀ ਉਮੀਦ ਹੈ।
ਨਵੇਂ ਨਿਯਮਾਂ ਅਧੀਨ, ਸਹੀ ਮੁਲਾਂਕਣ ਅਤੇ ਤਸ਼ਖੀਸ ਤੋਂ ਬਾਅਦ GP ਅਤੇ ਕੁਝ ਨਰਸ ਪ੍ਰੈਕਟੀਸ਼ਨਰ ਹੁਣ ਸਿੱਧੇ ਤੌਰ ‘ਤੇ ADHD ਦੀ ਦਵਾਈ ਲਿਖ ਸਕਣਗੇ। ਪਹਿਲਾਂ ਮਰੀਜ਼ਾਂ ਨੂੰ ਦਵਾਈ ਲਈ ਮਨੋਚਿਕਿਤਸਕ (ਸਾਇਕਾਇਟ੍ਰਿਸਟ) ਕੋਲ ਜਾਣਾ ਲਾਜ਼ਮੀ ਸੀ, ਜੋ ਮਹਿੰਗਾ ਹੋਣ ਦੇ ਨਾਲ-ਨਾਲ ਲੰਬਾ ਇੰਤਜ਼ਾਰ ਵੀ ਮੰਗਦਾ ਸੀ।
ਇਸ ਤਬਦੀਲੀ ਨਾਲ ਲਾਭਾਨਵਿਤ ਹੋਏ ਪਹਿਲੇ ਮਰੀਜ਼ਾਂ ਵਿੱਚ ਸ਼ਾਮਲ ਅਡਮ ਕੈਰੀ ਨੇ ਕਿਹਾ ਕਿ GP ਕੋਲੋਂ ਸਿੱਧੀ ਦਵਾਈ ਮਿਲਣਾ ਉਸ ਲਈ “ਜ਼ਿੰਦਗੀ ਬਦਲਣ ਵਾਲਾ ਤਜ਼ੁਰਬਾ” ਰਿਹਾ ਹੈ। ਉਸਦਾ ਕਹਿਣਾ ਹੈ ਕਿ ਨਵੇਂ ਸਿਸਟਮ ਨਾਲ ਤਣਾਅ, ਸਮਾਂ ਅਤੇ ਖਰਚਾ ਦੋਵੇਂ ਘੱਟ ਹੋਏ ਹਨ।
ਸਿਹਤ ਮਾਹਿਰਾਂ ਮੁਤਾਬਕ ਇਹ ਕਦਮ ਸਿਹਤ ਸੇਵਾਵਾਂ ‘ਤੇ ਪੈਂਦੇ ਬੋਝ ਨੂੰ ਘਟਾਉਣ ਅਤੇ ADHD ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਵੱਲ ਇੱਕ ਵੱਡੀ ਪਹਲ ਹੈ। ਹਾਲਾਂਕਿ ਕੁਝ GP ਪ੍ਰੈਕਟਿਸਾਂ ਨੇ ਕਿਹਾ ਹੈ ਕਿ ਸਰੋਤਾਂ ਅਤੇ ਫੰਡਿੰਗ ਦੀ ਕਮੀ ਕਾਰਨ ਹਰ ਥਾਂ ਇਹ ਸੇਵਾ ਤੁਰੰਤ ਉਪਲਬਧ ਨਹੀਂ ਹੋ ਸਕੇਗੀ।
ਸਿਹਤ ਖੇਤਰ ਨਾਲ ਜੁੜੇ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਬਾਲਗ ADHD ਮਰੀਜ਼ਾਂ ਲਈ ਇੱਕ ਅਹੰਮ ਰਾਹਤ ਸਾਬਤ ਹੋ ਸਕਦਾ ਹੈ, ਪਰ ਇਸ ਨੂੰ ਸਫ਼ਲ ਬਣਾਉਣ ਲਈ ਸਰਕਾਰੀ ਸਹਾਇਤਾ ਅਤੇ ਵਾਧੂ ਫੰਡਿੰਗ ਲਾਜ਼ਮੀ ਹੋਵੇਗੀ।
Related posts
- Comments
- Facebook comments
