ਆਕਲੈਂਡ (ਐੱਨ ਜੈੱਡ ਤਸਵੀਰ) ਇੱਕ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਮਾਮਲੇ ਵਿੱਚ ਅਦਾਲਤ ਨੇ ਇੱਕ ਨਿੱਜੀ ਕੰਪਨੀ ਨੂੰ ਡਿਮੇਨਸ਼ੀਆ ਨਾਲ ਪੀੜਤ ਬੁਜ਼ੁਰਗ ਮਹਿਲਾ ਨੂੰ ਲਗਾਤਾਰ ਨਿਸ਼ਾਨਾ ਬਣਾਉਣ ਲਈ 60 ਹਜ਼ਾਰ ਡਾਲਰ ਦਾ ਜੁਰਮਾਨਾ ਕੀਤਾ ਹੈ। ਅਦਾਲਤ ਨੇ ਕਿਹਾ ਕਿ ਕੰਪਨੀ ਦਾ ਰਵੱਈਆ ਨਾ ਸਿਰਫ਼ ਅਨੈਤਿਕ ਸੀ, ਸਗੋਂ ਕਾਨੂੰਨ ਦੀ ਖੁੱਲ੍ਹੀ ਉਲੰਘਣਾ ਵੀ ਸੀ।
ਅਦਾਲਤੀ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ Tech Vault Enterprises Ltd, ਜੋ HouseSmile ਨਾਮ ਨਾਲ ਕਾਰੋਬਾਰ ਕਰਦੀ ਸੀ, ਨੇ ਇੱਕ ਬਜ਼ੁਰਗ ਮਹਿਲਾ ਨੂੰ ਇੱਕ ਸਾਲ ਤੋਂ ਵੱਧ ਸਮੇਂ ਤੱਕ ਫ਼ੋਨ ਕਾਲਾਂ ਅਤੇ ਆਨਲਾਈਨ ਇਸ਼ਤਿਹਾਰਾਂ ਰਾਹੀਂ ਉਤਪਾਦ ਵੇਚਣ ਦੀ ਕੋਸ਼ਿਸ਼ ਕੀਤੀ। ਇਹ ਸਭ ਉਸ ਵੇਲੇ ਵੀ ਜਾਰੀ ਰਿਹਾ ਜਦੋਂ ਮਹਿਲਾ ਦੀ ਧੀ ਵੱਲੋਂ ਸਪਸ਼ਟ ਤੌਰ ‘ਤੇ ਦੱਸ ਦਿੱਤਾ ਗਿਆ ਸੀ ਕਿ ਉਸ ਦੀ ਮਾਂ ਡਿਮੇਨਸ਼ੀਆ ਨਾਲ ਪੀੜਤ ਹੈ ਅਤੇ ਖਰੀਦ–ਫ਼ਰੋਖ਼ਤ ਦੇ ਫੈਸਲੇ ਕਰਨ ਦੇ ਯੋਗ ਨਹੀਂ।
ਅਦਾਲਤ ਨੇ ਮੰਨਿਆ ਕਿ ਵਿਕਰੇਤਾਵਾਂ ਨੇ ਮਹਿਲਾ ‘ਤੇ ਮਨੋਵੈਜ਼ਿਆਨਿਕ ਦਬਾਅ ਬਣਾਇਆ, ਆਕਰਸ਼ਕ ਪੇਸ਼ਕਸ਼ਾਂ ਅਤੇ ਮੁਫ਼ਤ ਤੋਹਫ਼ਿਆਂ ਦੇ ਵਾਅਦੇ ਕੀਤੇ, ਪਰ ਉਤਪਾਦ ਦੀ ਅਸਲ ਕੀਮਤ, ਸ਼ਰਤਾਂ ਅਤੇ ਰੱਦ ਕਰਨ ਦੇ ਅਧਿਕਾਰ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ।
Commerce Commission ਨੇ ਅਦਾਲਤ ਵਿੱਚ ਕਿਹਾ ਕਿ ਕੰਪਨੀ ਨੂੰ ਮਹਿਲਾ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਇਹ ਗਲਤ ਕਾਰਵਾਈਆਂ ਜਾਰੀ ਰੱਖੀਆਂ ਗਈਆਂ, ਜੋ ਬਹੁਤ ਹੀ ਨਿੰਦਣਯੋਗ ਹਨ। ਇਸ ਕਾਰਨ ਕੰਪਨੀ ਨੂੰ ਜੁਰਮਾਨੇ ਦੇ ਨਾਲ–ਨਾਲ ਮਹਿਲਾ ਨੂੰ ਮਨੋਵੈਜ਼ਿਆਨਿਕ ਨੁਕਸਾਨ ਦੀ ਭਰਪਾਈ ਵਜੋਂ ਵੱਖਰੀ ਰਕਮ ਅਦਾ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।
ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਬੁਜ਼ੁਰਗਾਂ ਅਤੇ ਕਮਜ਼ੋਰ ਵਰਗਾਂ ਦੀ ਸੁਰੱਖਿਆ ਸਮਾਜ ਅਤੇ ਕਾਰੋਬਾਰ ਦੋਹਾਂ ਦੀ ਜ਼ਿੰਮੇਵਾਰੀ ਹੈ ਅਤੇ ਇਸ ਤਰ੍ਹਾਂ ਦੇ ਮਾਮਲਿਆਂ ‘ਚ ਸਖ਼ਤੀ ਵਰਤੀ ਜਾਣੀ ਲਾਜ਼ਮੀ ਹੈ, ਤਾਂ ਜੋ ਭਵਿੱਖ ਵਿੱਚ ਕੋਈ ਵੀ ਕੰਪਨੀ ਇਸ ਤਰ੍ਹਾਂ ਦੀ ਹਿੰਮਤ ਨਾ ਕਰੇ।
Related posts
- Comments
- Facebook comments
