ਆਕਲੈਂਡ (ਨਿਊਜ਼ੀਲੈਂਡ), ਤਸਵੀਰ: ਹਰਗੋਬਿੰਦ ਸਿੰਘ ਸ਼ੇਖਪੁਰੀਆ — ਆਸਟਰੇਲੀਆ ਵਿੱਚ ਅਤੰਕੀ ਹਮਲੇ ਦੌਰਾਨ ਦਲੇਰੀ ਦਾ ਪ੍ਰਦਰਸ਼ਨ ਕਰਦਿਆਂ ਹਮਲਾਵਰ ਤੋਂ ਰਾਈਫਲ ਖੋਹ ਕੇ ਕਈ ਲੋਕਾਂ ਦੀ ਜਾਨ ਬਚਾਉਣ ਵਾਲੇ ਨੌਜਵਾਨ ਅਮਨਦੀਪ ਸਿੰਘ ਬੋਲਾ ਨੂੰ ਅੱਜ Auckland ਵਿਖੇ ਸਥਿਤ Gurdwara Sri Dashmesh Darbar, ਪਾਪਾਟੋਏਟੋਏ ਵਿੱਚ ਐਤਵਾਰੀ ਹਫਤਾਵਾਰੀ ਸਮਾਗਮਾਂ ਮੌਕੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਨਮਾਨ ਉਸ ਦੀ ਬਹਾਦਰੀ ਅਤੇ ਮਨੁੱਖਤਾ ਦੀ ਸੇਵਾ ਲਈ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਉਪ ਚੇਅਰਮੈਨ ਬੇਅੰਤ ਸਿੰਘ ਜਡੌਰ, ਪ੍ਰਧਾਨ ਮਨਜੀਤ ਸਿੰਘ ਬਾਠ, ਖਜਾਨਚੀ ਕੁਲਵਿੰਦਰ ਸਿੰਘ ਬਾਠ ਅਤੇ ਅਜੀਤ ਸਿੰਘ ਰੰਧਾਵਾ ਸਮੇਤ ਬਲਵੀਰ ਸਿੰਘ ਬਸਰਾ ਤੇ ਰਾਗੀ ਸੁਖਵਿੰਦਰ ਸਿੰਘ ਆਦਿ ਨੇ ਅਮਨਦੀਪ ਸਿੰਘ ਬੋਲਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।
ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਬੋਲਾ ਨਿਊਜ਼ੀਲੈਂਡ ਦੇ ਮੋਢੀ ਵਸਨੀਕ ਅਤੇ ਆਕਲੈਂਡ ਵਿੱਚ ਗੁਰਦੁਆਰਾ ਸਾਹਿਬਾਨਾਂ ਦੀ ਉਸਾਰੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਮਰਹੂਮ ਮਹਾਂ ਸਿੰਘ ਬੋਲਾ ਦੇ ਪੋਤਰੇ ਹਨ।
ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਨਜੀਤ ਸਿੰਘ ਬਾਠ ਨੇ ਕਿਹਾ ਕਿ ਅਮਨਦੀਪ ਸਿੰਘ ਨੇ ਅਸਾਧਾਰਣ ਹਿੰਮਤ ਅਤੇ ਦਲੇਰੀ ਦਿਖਾ ਕੇ ਕਈ ਲੋਕਾਂ ਦੀ ਜਾਨ ਬਚਾਈ ਹੈ, ਜੋ ਸਾਰੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉੱਥੇ ਹੀ ਅਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਨੌਜਵਾਨ ਨੇ ਆਤੰਕੀ ਦਾ ਡਟ ਕੇ ਮੁਕਾਬਲਾ ਕਰਦਿਆਂ ਨਾ ਸਿਰਫ਼ ਲੋਕਾਂ ਦੀ ਜਾਨ ਬਚਾਈ ਹੈ, ਸਗੋਂ ਪੂਰੀ ਦੁਨੀਆ ਵਿੱਚ ਸਿੱਖ ਕੌਮ ਦਾ ਸਿਰ ਵੀ ਉੱਚਾ ਕੀਤਾ ਹੈ।
ਸਮਾਗਮ ਦੌਰਾਨ ਚੇਅਰਮੈਨ ਪ੍ਰਿਥੀਪਾਲ ਸਿੰਘ ਬਸਰਾ, ਸਾਬਕਾ ਸੰਸਦ ਮੈਂਬਰ ਮਹੇਸ਼ ਬਿੰਦਰਾ, ਮੱਖਣ ਸਿੰਘ, ਸਤਿਨਾਮ ਸਿੰਘ, ਅਵਤਾਰ ਸਿੰਘ, ਦਾਰਾ ਸਿੰਘ, ਅਜੀਤ ਸਿੰਘ ਪਰਮਾਰ, ਪ੍ਰਿੰਸੀਪਲ ਦਲਾਵਰ ਸਿੰਘ, ਮੀਤ ਪ੍ਰਧਾਨ ਪਰਗਣ ਸਿੰਘ ਫਿਜੀ, ਓਂਕਾਰ ਸਿੰਘ, ਅਜੀਤ ਸਿੰਘ ਸਤੌਰ, ਗੁਰਦਿਆਲ ਸਿੰਘ, ਸਰਬਜੀਤ ਸਿੰਘ, ਭਾਈ ਦਵਿੰਦਰ ਸਿੰਘ ਸਮੇਤ ਕਈ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ।
ਇਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਪੁਰਾਣੀ ਵਿਰਾਸਤ, ਪੁਰਾਣੇ ਸਿੱਕਿਆਂ ਅਤੇ ਇਤਿਹਾਸਕ ਲਿਖਤਾਂ ਦੀ ਨੁਮਾਇਸ਼ ਲਗਾਉਣ ਵਾਲੇ ਭਾਈ ਪਰਮਿੰਦਰ ਸਿੰਘ ਨੂੰ ਵੀ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
