ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਕ੍ਰਾਇਸਟਚਰਚ ਸ਼ਹਿਰ ਵਿੱਚ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਮਹਿਲਾ ‘ਤੇ ਛੁਰੀ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ ਗਿਆ। ਇਹ ਵਾਰਦਾਤ ਵੀਰਵਾਰ ਰਾਤ ਕਰੀਬ 10 ਵਜੇ ਦੇ ਆਸ-ਪਾਸ ਸ਼ਹਿਰ ਦੇ ਕੇਂਦਰੀ ਇਲਾਕੇ ਵਿੱਚ ਵਾਪਰੀ ਦੱਸੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਜਖ਼ਮੀ ਮਹਿਲਾ ਨੂੰ ਹਸਪਤਾਲ ਭੇਜਿਆ ਗਿਆ। ਡਾਕਟਰਾਂ ਵੱਲੋਂ ਉਸਦੀ ਤੁਰੰਤ ਸਰਜਰੀ ਕੀਤੀ ਗਈ ਹੈ ਅਤੇ ਮੌਜੂਦਾ ਸਮੇਂ ਉਹ ਨਾਜ਼ੁਕ ਹਾਲਤ ਵਿੱਚ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰ ਦੀ ਪਛਾਣ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਇਸੇ ਰਾਤ ਇੱਕ ਹੋਰ ਗੰਭੀਰ ਘਟਨਾ Amberley (North Canterbury) ਵਿੱਚ ਵੀ ਵਾਪਰੀ, ਜਿੱਥੇ ਇੱਕ ਵਿਅਕਤੀ ‘ਤੇ ਹਮਲਾ ਕੀਤਾ ਗਿਆ ਅਤੇ ਉਹ ਵੀ ਭਾਰੀ ਜਖ਼ਮੀ ਹੋ ਗਿਆ। ਉਸਨੂੰ ਵੀ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਮੁਤਾਬਕ Amberley ਵਾਲੇ ਮਾਮਲੇ ਵਿੱਚ ਇੱਕ ਵਿਅਕਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਸਮੇਂ ਕਿਸੇ ਹੋਰ ਸ਼ਖ਼ਸ ਦੀ ਤਲਾਸ਼ ਨਹੀਂ ਕੀਤੀ ਜਾ ਰਹੀ। ਹਾਲਾਂਕਿ ਕ੍ਰਾਇਸਟਚਰਚ ਵਾਲੇ ਹਮਲੇ ਵਿੱਚ ਹਮਲਾਵਰ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ ਅਤੇ ਉਸਦੀ ਭਾਲ ਜਾਰੀ ਹੈ।
ਦੋਵੇਂ ਘਟਨਾਵਾਂ ਦੇ ਇਕੋ ਰਾਤ ਹੋਣ ਨਾਲ ਸਥਾਨਕ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਹੋਵੇ ਤਾਂ ਤੁਰੰਤ ਅੱਗੇ ਆ ਕੇ ਸਾਂਝੀ ਕੀਤੀ ਜਾਵੇ।
ਇੱਕੋ ਰਾਤ ਦੋ ਵੱਖ-ਵੱਖ ਥਾਵਾਂ ‘ਤੇ ਹੋਈਆਂ ਹਿੰਸਕ ਘਟਨਾਵਾਂ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਦਕਿ ਪੁਲਿਸ ਵੱਲੋਂ ਦੋਵੇਂ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Related posts
- Comments
- Facebook comments
