ਆਕਲੈਂਡ (ਐੱਨ ਜੈੱਡ ਤਸਵੀਰ) ਮਨਾਵਾਤੂ ਵਿੱਚ ਕਰੀਬ 200 ਕਾਰਾਂ ਦੇ ਇਕੱਠ ਤੋਂ ਬਾਅਦ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਈ ਵਾਹਨ ਜ਼ਬਤ ਕੀਤੇ ਗਏ ਹਨ।
ਪੁਲਿਸ ਅਧਿਕਾਰੀਆਂ ਮੁਤਾਬਕ, ਵੈਲਿੰਗਟਨ , Whanganui ਅਤੇ ਮਨਾਵਾਤੂ ਦੀ ਪੁਲਿਸ ਨੇ ਮਿਲ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਸਾਂਝੀ ਕੋਸ਼ਿਸ਼ ਨਾਲ ਕਈ ਗੈਰਕਾਨੂੰਨੀ ਇਕੱਠਾਂ ਨੂੰ ਤੋੜਿਆ ਗਿਆ ਅਤੇ ਭਾਗ ਲੈਣ ਵਾਲਿਆਂ ਨੂੰ ਸਖ਼ਤ ਸੰਦੇਸ਼ ਦਿੱਤਾ ਗਿਆ ਕਿ ਅਜਿਹੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਘਟਨਾ ਦੌਰਾਨ Rongotea Road,State Highway 1 ‘ਤੇ ਪੁਲਿਸ ਵਾਹਨਾਂ ਵੱਲੋਂ ਰਸਤਾ ਰੋਕਿਆ ਗਿਆ। ਇਸ ਦੌਰਾਨ ਭੀੜ ਵੱਲੋਂ ਵਸਤਾਂ ਸੁੱਟੀਆਂ ਗਈਆਂ, ਜਿਸ ਨਾਲ ਦੋ ਪੁਲਿਸ ਵਾਹਨ ਨੁਕਸਾਨੇ ਗਏ। ਹਾਲਾਂਕਿ ਕਿਸੇ ਵੀ ਅਧਿਕਾਰੀ ਨੂੰ ਸੱਟ ਨਹੀਂ ਲੱਗੀ।
ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇੱਕ ਘੰਟੇ ਦੇ ਅੰਦਰ ਮੌਕੇ ਨੂੰ ਖਾਲੀ ਕਰਵਾਇਆ ਅਤੇ ਚੈਕਪੋਇੰਟਾਂ ਰਾਹੀਂ ਡਰਾਈਵਰਾਂ ਦੀ ਜਾਂਚ ਕੀਤੀ, ਜਿਸ ਨਾਲ ਹਾਈਵੇ ਟ੍ਰੈਫਿਕ ‘ਤੇ ਘੱਟ ਤੋਂ ਘੱਟ ਅਸਰ ਪਿਆ।
ਚਾਰ ਲੋਕਾਂ ਨੂੰ ਜ਼ਮਾਨਤ ਦੀ ਉਲੰਘਣਾ, ਪੁਲਿਸ ਦੇ ਰੋਕਣ ‘ਤੇ ਨਾ ਰੁਕਣ ਅਤੇ ਪੁਲਿਸ ਦਾ ਵਿਰੋਧ ਕਰਨ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਦੋ ਵਾਹਨ ਅਦਾਲਤੀ ਬੇਲਿਫ਼ਾਂ ਵੱਲੋਂ ਅਤੇ ਸੱਤ ਵਾਹਨ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਹਨ, ਜਦਕਿ ਹੋਰ ਸੱਤ ਵਾਹਨਾਂ ਨੂੰ ਸੜਕ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਕੁੱਲ 48 ਜੁਰਮਾਨੇ ਜਾਰੀ ਕੀਤੇ ਗਏ ਹਨ ਅਤੇ ਕਈ ਡਰਾਈਵਰਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਨਾਲ ਸੰਬੰਧਿਤ ਅੰਤਿਮ ਅੰਕੜੇ ਹਾਲੇ ਤੈਅ ਹੋਣੇ ਬਾਕੀ ਹਨ।
ਪੁਲਿਸ ਇਸ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੀ ਸਮੀਖਿਆ ਕਰ ਰਹੀ ਹੈ ਤਾਂ ਜੋ ਹੋਰ ਸ਼ਾਮਿਲ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਤਰ੍ਹਾਂ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਵਿਰੁੱਧ ਸਖ਼ਤ ਰਵੱਈਆ ਜਾਰੀ ਰਹੇਗਾ।
Related posts
- Comments
- Facebook comments
