ਆਕਲੈਂਡ (ਐੱਨ ਜੈੱਡ ਤਸਵੀਰ) ਈਸਟਰ ਛੁੱਟੀਆਂ ਦੌਰਾਨ ਨਿਊਜ਼ੀਲੈਂਡ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ‘ਤੇ ਇੱਕ ਦਰਦਨਾਕ ਹਾਦਸੇ ਵਿੱਚ 21 ਸਾਲਾ ਭਾਰਤੀ ਵਿਦਿਆਰਥੀ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ੌਰਿਆ ਵਜੋਂ ਹੋਈ ਹੈ, ਜੋ ਮੁੰਬਈ ਦਾ ਰਹਿਣ ਵਾਲਾ ਸੀ ਅਤੇ ਯੂਨੀਵਰਸਿਟੀ ਆਫ ਆਕਲੈਂਡ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ।
ਪੁਲਿਸ ਦੇ ਅਨੁਸਾਰ, ਇਹ ਘਟਨਾ ਐਤਵਾਰ, 5 ਅਪ੍ਰੈਲ ਨੂੰ ਦੁਪਹਿਰ ਕਰੀਬ 3:20 ਵਜੇ ਅਕਾਸ਼ੀਆ ਬੇਅ ਦੇ ਵਕਾਮੋਏਂਗਾ ਪੁਆਇੰਟ ‘ਤੇ ਵਾਪਰੀ। ਸ਼ੌਰਿਆ ਆਪਣੇ ਦੋਸਤਾਂ ਨਾਲ ਛੁੱਟੀਆਂ ਮਨਾਉਣ ਲਈ ਉੱਥੇ ਗਿਆ ਹੋਇਆ ਸੀ। ਇਸ ਦੌਰਾਨ ਜਦੋਂ ਉਹ ਝੀਲ ਵਿੱਚ ਉਤਰਿਆ, ਤਾਂ ਅਚਾਨਕ ਪਾਣੀ ਵਿੱਚ ਸੰਘਰਸ਼ ਕਰਦਾ ਦਿਖਾਈ ਦਿੱਤਾ ਅਤੇ ਕੁਝ ਹੀ ਸਮੇਂ ਵਿੱਚ ਡੁੱਬ ਗਿਆ।
ਮੌਕੇ ‘ਤੇ ਮੌਜੂਦ ਦੋਸਤਾਂ ਅਤੇ ਬਚਾਅ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਬਾਅਦ ਵਿੱਚ ਪਹੁੰਚੇ ਪੈਰਾਮੈਡਿਕਸ ਵੱਲੋਂ ਉਸਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਨੂੰ ਕਾਮਯਾਬੀ ਨਾ ਮਿਲੀ ਅਤੇ ਨੌਜਵਾਨ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।
ਪਰਿਵਾਰਕ ਦੋਸਤਾਂ ਅਨੁਸਾਰ, ਇਸ ਅਚਾਨਕ ਘਟਨਾ ਨਾਲ ਮਾਪੇ ਗਹਿਰੇ ਸਦਮੇ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੌਰਿਆ ਆਪਣੇ ਸੁਪਨੇ ਪੂਰੇ ਕਰਨ ਲਈ ਨਿਊਜ਼ੀਲੈਂਡ ਗਿਆ ਸੀ। ਦੋਸਤਾਂ ਅਤੇ ਸੰਜੋਗੀਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਭੇਜਣ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇ।
ਪੁਲਿਸ ਨੇ ਮਾਮਲੇ ਨੂੰ ਕੋਰੋਨਰ ਕੋਲ ਭੇਜ ਦਿੱਤਾ ਹੈ, ਜੋ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਕਰੇਗਾ।
ਗੌਰਤਲਬ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਨਿਊਜ਼ੀਲੈਂਡ ਵਿੱਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਦਸੰਬਰ 2025 ਵਿੱਚ ਆਕਲੈਂਡ ਦੀ ਲੇਕ ਵੈਨਾਮੂ ਵਿੱਚ 23 ਸਾਲਾ ਭਾਰਤੀ ਵਿਦਿਆਰਥੀ ਦੀ ਡੁੱਬਣ ਨਾਲ ਮੌਤ ਹੋਈ ਸੀ, ਜਦਕਿ ਜਨਵਰੀ 2026 ਵਿੱਚ ਟੌਰੰਗਾ ਦੇ ਪੋਰੀਪੋਰੀ ਵਾਟਰ ਹੋਲ ‘ਚ ਵੀ ਇੱਕ ਨੌਜਵਾਨ ਦੀ ਜਾਨ ਗਈ ਸੀ। ਇਸ ਤੋਂ ਇਲਾਵਾ ਦਸੰਬਰ 2024 ਵਿੱਚ ਹਾਕਸ ਬੇਅ ਦੇ ਮਾਰਾਏਟੋਟਾਰਾ ਫਾਲਸ ‘ਚ ਨਹਾਉਂਦੇ ਸਮੇਂ 20 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਸੀ।
ਇਹ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਪਾਣੀ ਵਾਲੇ ਸੈਰ-ਸਪਾਟਾ ਸਥਾਨਾਂ ‘ਤੇ ਸੁਰੱਖਿਆ ਪ੍ਰਬੰਧਾਂ ਅਤੇ ਸਾਵਧਾਨੀ ਦੀ ਲੋੜ ਨੂੰ ਮੁੜ ਉਭਾਰ ਰਹੀਆਂ ਹਨ।
