ਸਿੰਗਾਪੁਰ ਵਿੱਚ ਕਰੋਨਾਵਾਇਰਸ ਦੇ ਨਵੇਂ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ 5 ਤੋਂ 11 ਮਈ ਤੱਕ ਕਰੋਨਾਵਾਇਰਸ ਨਾਲ ਸਬੰਧਤ 25,900 ਕੇਸ ਦਰਜ ਕੀਤੇ ਗਏ ਹਨ।
ਸਿਹਤ ਮੰਤਰੀ ਆਂਗ ਯੀ ਕੁੰਗ ਨੇ ਅੱਜ ਲੋਕਾਂ ਨੂੰ ਮਾਸਕ ਪਾਉਣ ਦੀ ਸਲਾਹ ਦਿੱਤੀ ਹੈ। ‘ਦਿ ਸਟ੍ਰੇਟਸ ਟਾਈਮਜ਼’ ਅਖ਼ਬਾਰ ਨੇ ਮੰਤਰੀ ਆਂਗ ਯੀ ਦੇ ਹਵਾਲੇ ਨਾਲ ਕਿਹਾ, ‘‘ਅਸੀਂ ਲਹਿਰ ਦੇ ਸ਼ੁਰੂਆਤੀ ਮੋੜ ’ਤੇ ਹਾਂ ਜਿੱਥੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਇਸ ਲਈ, ਮੈਂ ਕਹਾਂਗਾ ਕਿ ਲਹਿਰ ਅਗਲੇ ਦੋ ਤੋਂ ਚਾਰ ਹਫ਼ਤਿਆਂ ਮਤਲਬ ਜੂਨ ਦੇ ਅੱਧ ਤੋਂ ਅਖ਼ੀਰ ਤੱਕ ਸਿਖਰ ’ਤੇ ਪਹੁੰਚ ਸਕਦੀ ਹੈ।’’
ਸਿਹਤ ਮੰਤਰਾਲੇ ਨੇ ਕਿਹਾ ਕਿ ਕਰੋਨਾ ਕੇਸਾਂ ਦੀ ਗਿਣਤੀ 5 ਤੋਂ 11 ਮਈ ਤੱਕ ਅੰਦਾਜ਼ਨ 25,900 ’ਤੇ ਪਹੁੰਚ ਗਈ ਹੈ ਜੋ ਪਿਛਲੇ ਹਫ਼ਤੇ 13,700 ਸੀ। ਇੱਕ ਹਫ਼ਤਾ ਪਹਿਲਾਂ ਦੇ ਮੁਕਾਬਲੇ ਹਸਪਤਾਲ ਵਿੱਚ ਦਾਖ਼ਲ ਹੋਣ ਵਾਲੇ ਕਰੋਨਾ ਪੀੜਤਾਂ ਦੀ ਗਿਣਤੀ 181 ਤੋਂ ਵਧ ਕੇ ਲਗਪਗ 250 ਹੋ ਗਈ ਹੈ। ਹਾਲਾਂਕਿ, ਪਿਛਲੇ ਹਫਤੇ ਦੋ ਮਾਮਲਿਆਂ ਦੇ ਮੁਕਾਬਲੇ ਹੁਣ ਆਈਸੀਯੂ ਵਿੱਚ ਦਾਖਲ ਕੇਸਾਂ ਦੀ ਗਿਣਤੀ ਤਿੰਨ ਵਿੱਚੋਂ ਇੱਕ ਹੈ।
ਸਿਹਤ ਮੰਤਰਾਲੇ ਨੇ ਜਾਰੀ ਕੀਤਾ ਬਿਆਨ
ਸਿਹਤ ਮੰਤਰਾਲੇ ਨੇ ਕਿਹਾ ਕਿ ਹਸਪਤਾਲ ਦੇ ਬੈੱਡ ਦੀ ਸਮਰੱਥਾ ਬਣਾਈ ਰੱਖਣ ਲਈ ਜਨਤਕ ਹਸਪਤਾਲਾਂ ਨੂੰ ਆਪਣੇ ਗੈਰ-ਜ਼ਰੂਰੀ ਚੋਣਵੇਂ ਸਰਜਰੀ ਦੇ ਕੇਸਾਂ ਨੂੰ ਘਟਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਮਰੀਜ਼ਾਂ ਦਾ ਘਰੋਂ ਇਲਾਜ ਸੰਭਵ ਹੈ, ਉਨ੍ਹਾਂ ਨੂੰ ਘਰ ਵਾਪਸ ਭੇਜਿਆ ਜਾਵੇ।
ਸਿਹਤ ਮੰਤਰੀ ਓਂਗ ਯੇ ਕੁੰਗ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਗੰਭੀਰ ਬੀਮਾਰੀ ਤੋਂ ਪੀੜਤ ਹਨ ਜਾਂ ਜਿਨ੍ਹਾਂ ਦੀ ਉਮਰ 60 ਸਾਲ ਜਾਂ ਇਸ ਤੋਂ ਵੱਧ ਹੈ, ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦੀ ਵਾਧੂ ਖੁਰਾਕ ਲੈਣੀ ਚਾਹੀਦੀ ਹੈ।