New Zealand

ਵੱਧ ਰਹੇ ਡੇਂਗੂ ਦੇ ਮਾਮਲਿਆਂ ਕਾਰਨ ਡਾਕਟਰਾਂ ਵੱਲੋਂ ਸਾਵਧਾਨੀ ਰੱਖਣ ਦੀ ਸਲਾਹ

ਆਕਲੈਂਡ (ਐੱਨ ਜੈੱਡ ਤਸਵੀਰ) ਦੱਖਣੀ ਪ੍ਰਸ਼ਾਂਤ ਖੇਤਰ ਵਿੱਚ ਡੇਂਗੂ ਦੇ ਮਾਮਲੇ ਵੱਧ ਰਹੇ ਹਨ, ਜਿਸ ਵਿੱਚ ਨਿਊਜ਼ੀਲੈਂਡ ਦੇ ਨੇੜੇ ਦੇ ਖੇਤਰ ਵੀ ਸ਼ਾਮਿਲ ਹਨ, ਇਸੇ ਕਾਰਨ ਹੁਣ ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਮੱਛਰਾਂ ਦੇ ਕੱਟਣ ਤੋਂ ਬਚਣ ਲਈ ਸਾਵਧਾਨੀ ਵਰਤਣ ਅਤੇ ਰੋਕਥਾਮ ਦੇ ਉਪਾਅ ਵਧਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਯਾਤਰੀਆਂ, ਖਾਸ ਕਰਕੇ ਪ੍ਰਸ਼ਾਂਤ ਟਾਪੂ ਦੇਸ਼ਾਂ ਦੀ ਯਾਤਰਾ ਕਰਨ ਵਾਲਿਆਂ ਨੂੰ, ਮੱਛਰਾਂ ਦੇ ਕੱਟਣ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ। ਦੱਸ ਦੇਈਏ ਕਈ ਪ੍ਰਸ਼ਾਂਤ ਟਾਪੂ ਦੇਸ਼ਾਂ ਜਿਵੇਂ ਕਿ ਸਾਮੋਆ, ਅਮਰੀਕਨ ਸਾਮੋਆ, ਕੂਕ ਆਈਲੈਂਡ, ਫਰੈਂਚ ਪੋਲੀਨੇਸ਼ੀਆ, ਕਿਰੀਬਾਟੀ, ਨਾਉਰੂ, ਟੋੰਗਾ ਅਤੇ ਤੁਵਾਲੂ ਵਿੱਚ ਡੇਂਗੂ ਦਾ ਬਹੁਤ ਜਿਆਦਾ ਅਸਰ ਦਿੱਖ ਰਿਹਾ ਹੈ। ਡੇਂਗੂ ਬੁਖਾਰ ਦੇ ਮਾਮਲੇ ਲਗਭਗ ਇੱਕ ਦਹਾਕੇ ਵਿੱਚ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਏ ਹਨ।
ਹੈਲਥ ਨਿਊਜ਼ੀਲੈਂਡ ਨੇ ਕਿਹਾ ਕਿ ਸਮੋਆ ਇਸ ਬਿਮਾਰੀ ਤੋਂ ਖਾਸ ਤੌਰ ‘ਤੇ ਪ੍ਰਭਾਵਿਤ ਹੋਇਆ ਹੈ, ਇੱਥੇ 17 ਅਪ੍ਰੈਲ ਤੋਂ ਹੁਣ ਤੱਕ 2000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਵੱਡੀ ਗੱਲ ਹੈ ਕਿ ਕੁਝ ਲੋਕਾਂ ਦੀ ਲਾਗ ਲੱਗਣ ਤੋਂ ਬਾਅਦ ਮੌਤ ਹੋ ਗਈ ਹੈ। ਡਾ. ਸੁਜ਼ਨ ਜੈਕ ਨੇ ਕਿਹਾ ਕਿ ਪ੍ਰਸ਼ਾਂਤ ਮਹਾਂਸਾਗਰ ਤੋਂ ਵਾਪਸ ਆਉਣ ਵਾਲੇ ਲੋਕਾਂ ‘ਚ ਸਿਰਫ਼ ਜੁਲਾਈ ਵਿੱਚ ਆਕਲੈਂਡ ਵਿੱਚ 34 ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ। ਜੁਲਾਈ ਦੇ ਅੰਤ ਤੱਕ ਸੱਤ ਮਹੀਨਿਆਂ ਵਿੱਚ, ਆਕਲੈਂਡ ਵਿੱਚ 103 ਕੇਸ ਦਰਜ ਕੀਤੇ ਗਏ ਹਨ, ਜੋ ਕਿ ਪਿਛਲੇ ਸਾਲ ਦੇ ਮਾਮਲਿਆਂ ਨਾਲੋਂ ਦੁੱਗਣੇ ਹਨ।
ਜ਼ਿਕਰਯੋਗ ਹੈ ਕਿ ਡੇਂਗੂ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ।
ਸਿਹਤ ਵਿਭਾਗ ਨੇ ਲੋਕਾਂ ਨੂੰ ਸਲਾਹ ਜਾਰੀ ਕਰਦਿਆਂ ਕਿਹਾ ਹੈ ਕਿ ਉਹ, ਮੱਛਰ ਰੋਕੂ ਕ੍ਰੀਮ ਵਰਤਣ, ਮੱਛਰਦਾਨੀਆਂ ਦੀ ਵਰਤੋਂ ਕਰਨ ਅਤੇ ਸਵੇਰ ਤੇ ਸ਼ਾਮ ਦੇ ਸਮੇਂ ਬਾਹਰ ਜਾਣ ਤੋਂ ਬਚਣ। ਜੋ ਯਾਤਰੀ ਵਿਦੇਸ਼ ਤੋਂ ਵਾਪਸ ਆ ਕੇ ਡੇਂਗੂ ਦੇ ਲੱਛਣ ਮਹਿਸੂਸ ਕਰ ਰਹੇ ਹਨ, ਉਨ੍ਹਾਂ ਨੂੰ ਤੁਰੰਤ ਡਾਕਟਰੀ ਸਲਾਹ ਲੈਣ ਦੀ ਹਦਾਇਤ ਦਿੱਤੀ ਗਈ ਹੈ।

Related posts

ਡੁਨੀਡਿਨ ਰੈਂਟਲ ਚੈੱਕ ਤੋਂ ਵਿਦਿਆਰਥੀਆਂ ਦੀ ਰਿਹਾਇਸ਼ ਵਿੱਚ ਲੋੜੀਂਦੇ ਸੁਧਾਰਾਂ ਦੀ ਲੋੜ ਦਾ ਖੁਲਾਸਾ

Gagan Deep

ਨਿਊਜੀਲੈਂਡ ‘ਚ ਘਰੇਲੂ ਡਾਕਟਰਾਂ ਨਾਲੋਂ ਵਿਦੇਸ਼ੀ ਡਾਕਟਰ ਵੱਧ

Gagan Deep

ਕ੍ਰਾਈਸਟਚਰਚ ‘ਚ ਕੰਮ ‘ਤੇ ਜਾ ਰਹੇ ਹਸਪਤਾਲ ਕਰਮਚਾਰੀ ‘ਤੇ ਹਮਲਾ

Gagan Deep

Leave a Comment