ਨਿਊਜ਼ੀਲੈਂਡ ਦੀਆਂ ਸੜਕਾਂ ‘ਤੇ ਵੱਧ ਰਹੇ ਹਾਦਸਿਆਂ ਨੂੰ ਕਾਬੂ ਕਰਨ ਲਈ ਸਰਕਾਰ ਨੇ ਹੁਣ ਨਸ਼ੇ ਹੇਠ ਡਰਾਈਵ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਪੁਲਿਸ ਮੰਤਰੀ ਮਾਰਕ ਮਿਟਚਲ ਨੇ ਐਲਾਨ ਕੀਤਾ ਹੈ ਕਿ ਨਵੇਂ ਰੋਡਸਾਈਡ ਡਰੱਗ ਟੈਸਟਿੰਗ ਪ੍ਰੋਗਰਾਮ ਤਹਿਤ ਪੁਲਿਸ ਕਿਸੇ ਵੀ ਡਰਾਈਵਰ ਦੀ ਮੌਕੇ ‘ਤੇ ਹੀ ਜਾਂਚ ਕਰ ਸਕੇਗੀ।
ਇਸ ਪ੍ਰੋਗਰਾਮ ਅਧੀਨ ਵਰਤੀਆਂ ਜਾਣ ਵਾਲੀਆਂ ਓਰਲ ਫਲੂਇਡ ਟੈਸਟਿੰਗ ਡਿਵਾਈਸਜ਼ ਚਾਰ ਮੁੱਖ ਨਸ਼ਿਆਂ — ਮੈਥਐਮਫੇਟਾਮਾਈਨ (Meth), ਟੀਐਚਸੀ (Cannabis), ਕੋਕੇਨ ਅਤੇ ਐਮਡੀਐਮਏ (Ecstasy) — ਦੀ ਸਕ੍ਰੀਨਿੰਗ ਕਰਨਗੀਆਂ।
ਟਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਕਿਹਾ ਕਿ ਨਸ਼ੇ ਦੇ ਅਸਰ ਹੇਠ ਗੱਡੀ ਚਲਾਉਣ ਵਾਲੇ ਲੋਕਾਂ ਨੇ ਨਿਊਜ਼ੀਲੈਂਡ ਦੀਆਂ ਸੜਕਾਂ ਨੂੰ “ਜਾਨਲੇਵਾ” ਬਣਾ ਦਿੱਤਾ ਹੈ। ਉਨ੍ਹਾਂ ਦੇ ਅਨੁਸਾਰ, ਲਗਭਗ 30 ਪ੍ਰਤੀਸ਼ਤ ਸੜਕ ਹਾਦਸੇ ਅਜਿਹੇ ਡਰਾਈਵਰਾਂ ਕਾਰਨ ਵਾਪਰਦੇ ਹਨ ਜਿਹੜੇ ਕਿਸੇ ਨਾ ਕਿਸੇ ਨਸ਼ੇ ਦੇ ਪ੍ਰਭਾਵ ਹੇਠ ਹੁੰਦੇ ਹਨ।
ਉਨ੍ਹਾਂ ਨੇ ਕਿਹਾ, “ਜੇ ਤੁਸੀਂ ਨਸ਼ੇ ਦੀ ਹਾਲਤ ਵਿੱਚ ਸਟੀਅਰਿੰਗ ਪਕੜਦੇ ਹੋ, ਤਾਂ ਤੁਸੀਂ ਆਪਣੀ ਹੀ ਨਹੀਂ, ਸਗੋਂ ਹੋਰਾਂ ਦੀ ਜਾਨ ਨੂੰ ਵੀ ਜੋਖ਼ਮ ਵਿੱਚ ਪਾ ਰਹੇ ਹੋ — ਅਤੇ ਹੁਣ ਸਰਕਾਰ ਇਸਨੂੰ ਬਰਦਾਸ਼ਤ ਨਹੀਂ ਕਰੇਗੀ।”
ਨਵੇਂ ਟੈਸਟਿੰਗ ਪ੍ਰਕਿਰਿਆ ਅਨੁਸਾਰ, ਪੁਲਿਸ ਡਰਾਈਵਰ ਨੂੰ ਰੋਕ ਕੇ ਉਸਦੀ ਜੀਭ ਤੋਂ ਇੱਕ ਛੋਟਾ ਸਵੈਬ ਸੈਂਪਲ ਲਵੇਗੀ। ਕੁਝ ਮਿੰਟਾਂ ਵਿੱਚ ਪ੍ਰਾਰੰਭਿਕ ਨਤੀਜਾ ਮਿਲ ਜਾਵੇਗਾ। ਜਿਨ੍ਹਾਂ ਦਾ ਟੈਸਟ ਨੈਗੇਟਿਵ ਆਏਗਾ, ਉਹਨਾਂ ਨੂੰ ਤੁਰੰਤ ਜਾਣ ਦੀ ਆਜ਼ਾਦੀ ਹੋਵੇਗੀ। ਜੇ ਨਤੀਜਾ ਪੌਜ਼ਿਟਿਵ ਆਉਂਦਾ ਹੈ, ਤਾਂ ਪੁਲਿਸ ਸਲਾਈਵਾ ਸੈਂਪਲ ਲੈ ਕੇ ਲੈਬ ਵਿਸ਼ਲੇਸ਼ਣ ਲਈ ਭੇਜੇਗੀ।
ਜੇ ਕਿਸੇ ਡਰਾਈਵਰ ਦਾ ਟੈਸਟ ਦੋ ਵਾਰ ਪੌਜ਼ਿਟਿਵ ਆਉਂਦਾ ਹੈ, ਤਾਂ ਉਸਨੂੰ 12 ਘੰਟਿਆਂ ਲਈ ਡਰਾਈਵ ਕਰਨ ਤੋਂ ਰੋਕ ਦਿੱਤਾ ਜਾਵੇਗਾ। ਜੇ ਲੈਬ ਨਤੀਜੇ ਵੀ ਪੌਜ਼ਿਟਿਵ ਰਹਿੰਦੇ ਹਨ, ਤਾਂ ਡਰਾਈਵਰ ਨੂੰ ਇੰਫਰਿੰਜਮੈਂਟ ਨੋਟਿਸ (ਜੁਰਮਾਨਾ) ਜਾਰੀ ਕੀਤਾ ਜਾਵੇਗਾ। ਜਿਹੜੇ ਟੈਸਟ ਕਰਨ ਤੋਂ ਇਨਕਾਰ ਕਰਨਗੇ, ਉਹਨਾਂ ‘ਤੇ ਵੀ ਜੁਰਮਾਨਾ ਲੱਗੇਗਾ।
ਇਹ ਨਵਾਂ ਰੋਡਸਾਈਡ ਡਰੱਗ ਟੈਸਟਿੰਗ ਸਿਸਟਮ ਪਹਿਲਾਂ ਦਸੰਬਰ 2025 ਵਿੱਚ ਵੈਲਿੰਗਟਨ ਜ਼ਿਲ੍ਹੇ ਵਿੱਚ ਸ਼ੁਰੂ ਕੀਤਾ ਜਾਵੇਗਾ, ਜਦਕਿ ਅਪ੍ਰੈਲ 2026 ਤੋਂ ਇਹ ਪ੍ਰਣਾਲੀ ਪੂਰੇ ਦੇਸ਼ ਵਿੱਚ ਲਾਗੂ ਕੀਤੀ ਜਾਵੇਗੀ।
