ਆਕਲੈਂਡ(ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਲੰਮੇ ਸਮੇਂ ਤੋਂ ਚੱਲ ਰਹੀਆਂ ਗੱਲਬਾਤਾਂ ਤੋਂ ਬਾਅਦ ਮੁਕਤ ਵਪਾਰ ਸਮਝੌਤਾ (FTA) ਆਖਿਰਕਾਰ ਤਹਿ ਹੋ ਗਿਆ ਹੈ। ਦੋਹਾਂ ਦੇਸ਼ਾਂ ਵਿਚਕਾਰ ਮਾਰਚ 2025 ਤੋਂ ਸ਼ੁਰੂ ਹੋਈਆਂ ਗੱਲਬਾਤਾਂ ਨੂੰ ਦਸੰਬਰ 2025 ਵਿੱਚ ਅੰਤਿਮ ਰੂਪ ਦੇ ਦਿੱਤਾ ਗਿਆ ਹੈ, ਜਦਕਿ ਇਸ ਸਮਝੌਤੇ ’ਤੇ ਦਸਤਖਤ 2026 ਦੇ ਪਹਿਲੇ ਅਰਧ ਵਿੱਚ ਹੋਣ ਦੀ ਸੰਭਾਵਨਾ ਹੈ।
ਇਸ ਸਮਝੌਤੇ ਦੇ ਤਹਿਤ ਭਾਰਤ ਵੱਲੋਂ ਨਿਊਜ਼ੀਲੈਂਡ ਦੇ ਕਰੀਬ 95 ਫ਼ੀਸਦੀ ਉਤਪਾਦਾਂ ’ਤੇ ਸ਼ੁਲਕ ਘਟਾਏ ਜਾਂ ਖਤਮ ਕਰ ਦਿੱਤੇ ਜਾਣਗੇ। ਇਸ ਵਿੱਚੋਂ ਅੱਧ ਤੋਂ ਵੱਧ ਉਤਪਾਦ ਸਮਝੌਤਾ ਲਾਗੂ ਹੋਣ ਨਾਲ ਹੀ ਸ਼ੁਲਕ ਮੁਕਤ ਹੋ ਜਾਣਗੇ। ਇਸ ਨਾਲ ਨਿਊਜ਼ੀਲੈਂਡ ਦੇ ਖੇਤੀਬਾੜੀ, ਵਣ ਉਦਯੋਗ, ਮੀਟ, ਸਮੁੰਦਰੀ ਖਾਦ, ਉਨ, ਲੋਹਾ ਅਤੇ ਉਦਯੋਗਿਕ ਉਤਪਾਦਾਂ ਨੂੰ ਭਾਰਤੀ ਮਾਰਕੀਟ ਵਿੱਚ ਵੱਡਾ ਫ਼ਾਇਦਾ ਮਿਲੇਗਾ।
ਖਾਸ ਤੌਰ ’ਤੇ ਕੀਵੀਫਰੂਟ, ਸੇਬ, ਚੈਰੀ, ਅਵੋਕਾਡੋ, ਬਲੂਬੈਰੀ, ਵਾਈਨ ਅਤੇ ਮਾਨੂਕਾ ਸ਼ਹਿਦ ਵਰਗੇ ਉਤਪਾਦਾਂ ਲਈ ਰਿਆਯਤੀ ਕੋਟੇ ਅਤੇ ਘਟੇ ਹੋਏ ਟੈਰਿਫ਼ ਤਹਿ ਕੀਤੇ ਗਏ ਹਨ। ਡੈਅਰੀ ਖੇਤਰ, ਜੋ ਪਹਿਲਾਂ ਤੋਂ ਸੰਵੇਦਨਸ਼ੀਲ ਮੰਨਿਆ ਜਾਂਦਾ ਸੀ, ਉਸ ਲਈ ਵੀ ਸਲਾਹ-ਮਸ਼ਵਰੇ ਅਤੇ ਭਵਿੱਖ ਵਿੱਚ ਵਧੀਆ ਪਹੁੰਚ ਦੇ ਰਾਹ ਖੁੱਲ੍ਹੇ ਰੱਖੇ ਗਏ ਹਨ।
ਸਮਝੌਤੇ ਵਿੱਚ ਸਿਰਫ਼ ਸਮਾਨਾਂ ਹੀ ਨਹੀਂ, ਸਗੋਂ ਸੇਵਾਵਾਂ ਦੇ ਵਪਾਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਵਿੱਤੀ ਸੇਵਾਵਾਂ, ਫਿਨਟੈਕ ਅਤੇ ਹੋਰ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਨੂੰ “ਮੋਸਟ ਫੇਵਰਡ ਨੇਸ਼ਨ” ਦਰਜਾ ਦਿੱਤਾ ਜਾਵੇਗਾ। ਇਸ ਦੇ ਨਾਲ ਕਸਟਮ ਪ੍ਰਕਿਰਿਆਵਾਂ, ਸੈਨੇਟਰੀ ਮਿਆਰ, ਤਕਨੀਕੀ ਰੁਕਾਵਟਾਂ ਅਤੇ ਟਿਕਾਊ ਵਿਕਾਸ ਵਰਗੇ ਮੁੱਦਿਆਂ ’ਤੇ ਵੀ ਸਹਿਮਤੀ ਬਣੀ ਹੈ।
ਇਸ ਸਮਝੌਤੇ ਦਾ ਇੱਕ ਮਹੱਤਵਪੂਰਨ ਪੱਖ ਕੁਸ਼ਲ ਕਰਮਚਾਰੀਆਂ ਲਈ ਅਸਥਾਈ ਵੀਜ਼ਾ ਪ੍ਰਬੰਧ ਵੀ ਹੈ, ਜਿਸ ਅਧੀਨ ਹਰ ਸਾਲ ਲਗਭਗ 1,667 ਕੁਸ਼ਲ ਕਰਮਚਾਰੀਆਂ ਨੂੰ ਨਿਊਜ਼ੀਲੈਂਡ ਵਿੱਚ ਕੰਮ ਕਰਨ ਦਾ ਮੌਕਾ ਮਿਲ ਸਕੇਗਾ, ਖ਼ਾਸ ਕਰਕੇ ਸਿਹਤ, ਆਈ.ਟੀ. ਅਤੇ ਸਿੱਖਿਆ ਖੇਤਰਾਂ ਵਿੱਚ।
ਵਪਾਰਕ ਮਾਹਿਰਾਂ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਵਧ ਰਹੀ ਭਾਰਤੀ ਅਰਥਵਿਵਸਥਾ ਨਾਲ ਇਹ ਸਮਝੌਤਾ ਨਿਊਜ਼ੀਲੈਂਡ ਲਈ ਨਿਰਯਾਤ ਵਧਾਉਣ ਅਤੇ ਨਵੇਂ ਮਾਰਕੀਟ ਮੌਕੇ ਪੈਦਾ ਕਰਨ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ, ਜਦਕਿ ਭਾਰਤ ਨੂੰ ਉੱਚ-ਗੁਣਵੱਤਾ ਵਾਲੇ ਉਤਪਾਦ ਅਤੇ ਨਿਵੇਸ਼ ਦੇ ਨਵੇਂ ਰਾਹ ਮਿਲਣਗੇ।
Related posts
- Comments
- Facebook comments
