ਆਕਲੈਂਡ (ਐੱਨ ਜੈੱਡ ਤਸਵੀਰ) ਰੂਸ-ਯੂਕਰੇਨ ਯੁੱਧ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਮੈਦਾਨ ਵਿੱਚ ਡਟੇ ਰਹੇ ਨਿਊਜ਼ੀਲੈਂਡ ਦੇ ਚੈਰਿਟੀ ਸੰਗਠਨ Kiwi K.A.R.E ਦੇ ਸੰਸਥਾਪਕ ਟੈਂਬੀ ਪਾਵਲ ਛੇ ਮਹੀਨੇ ਦੀ ਮਿਸ਼ਨ ਪੂਰੀ ਕਰਕੇ ਨਿਊਜ਼ੀਲੈਂਡ ਵਾਪਸ ਆ ਗਏ ਹਨ। ਵਾਪਸੀ ਉਪਰਾਂਤ ਉਨ੍ਹਾਂ ਨੇ ਕਿਹਾ ਕਿ ਸਰੀਰਕ ਤੌਰ ‘ਤੇ ਤਾਂ ਉਹ ਨਿਊਜ਼ੀਲੈਂਡ ਵਿੱਚ ਹਨ, ਪਰ “ਮੇਰਾ ਦਿਲ ਅਜੇ ਵੀ ਯੂਕਰੇਨ ਦੇ ਲੋਕਾਂ ਨਾਲ ਹੀ ਹੈ।”
ਪਾਵਲ ਯੁੱਧ ਦੇ ਸ਼ੁਰੂ ਤੋਂ ਹੀ ਯੂਕਰੇਨ ਵਿੱਚ ਮਨੁੱਖੀ ਮਦਦ ਲਈ ਸਰਗਰਮ ਹਨ ਅਤੇ ਇਹ ਉਨ੍ਹਾਂ ਦੀ ਚੌਥੀ ਯਾਤਰਾ ਸੀ। ਉਨ੍ਹਾਂ ਦੱਸਿਆ ਕਿ ਟੀਵੀ ‘ਤੇ ਯੁੱਧ ਦੀਆਂ ਤਸਵੀਰਾਂ ਵੇਖ ਕੇ ਉਨ੍ਹਾਂ ਨੂੰ ਲੱਗਾ ਕਿ “ਇਹ ਸਭ ਕੁਝ ਦੇਖ ਕੇ ਚੁੱਪ ਬੈਠਣਾ ਸੰਭਵ ਨਹੀਂ ਸੀ,” ਜਿਸ ਨੇ ਉਨ੍ਹਾਂ ਨੂੰ ਮਦਦ ਲਈ ਅੱਗੇ ਆਉਣ ਲਈ ਪ੍ਰੇਰਿਆ।
Kiwi K.A.R.E ਵੱਲੋਂ ਦਾਨਾਂ ਰਾਹੀਂ ਹੁਣ ਤੱਕ ਲਗਭਗ 70 ਲੱਖ ਡਾਲਰ ਇਕੱਠੇ ਕੀਤੇ ਗਏ ਹਨ। ਇਸ ਰਕਮ ਨਾਲ ਯੁੱਧ ਪ੍ਰਭਾਵਿਤ ਇਲਾਕਿਆਂ ਵਿੱਚ 7000 ਤੋਂ ਵੱਧ ਸਟੋਵ ਅਤੇ ਵਾਟਰ ਬੋਇਲਰ ਵੰਡੇ ਗਏ, ਜਦਕਿ ਕਰੀਬ 6000 ਲੋਕਾਂ ਨੂੰ ਖ਼ਤਰਨਾਕ ਖੇਤਰਾਂ ਤੋਂ ਸੁਰੱਖਿਅਤ ਥਾਵਾਂ ਜਾਂ ਮੈਡੀਕਲ ਸਹਾਇਤਾ ਤੱਕ ਪਹੁੰਚਾਇਆ ਗਿਆ।
ਪਾਵਲ ਨੇ ਦੱਸਿਆ ਕਿ ਰੂਸੀ ਹਮਲਿਆਂ ਕਾਰਨ ਯੂਕਰੇਨ ਦੇ ਕਈ ਇਲਾਕਿਆਂ ਵਿੱਚ ਬਿਜਲੀ ਅਤੇ ਪਾਣੀ ਦੀ ਸਹੂਲਤ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ, ਜਿਸ ਕਰਕੇ ਗਰਮ ਪਾਣੀ ਅਤੇ ਹੀਟਿੰਗ ਲਈ ਸਧਾਰਣ ਸਹੂਲਤਾਂ ਵੀ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਲੀਆਂ ਸਾਬਤ ਹੋ ਰਹੀਆਂ ਹਨ।
ਚੈਰਿਟੀ ਸੰਸਥਾ ਨੇ ਖਾਰਕੀਵ ਸਮੇਤ ਕਈ ਸ਼ਹਿਰਾਂ ਵਿੱਚ ਵਰਕਸ਼ਾਪਾਂ ਵੀ ਕਾਇਮ ਕੀਤੀਆਂ ਹਨ, ਤਾਂ ਜੋ ਸਥਾਨਕ ਲੋਕਾਂ ਨੂੰ ਲੰਬੇ ਸਮੇਂ ਲਈ ਸਹਾਇਤਾ ਮਿਲ ਸਕੇ। ਪਾਵਲ ਨੇ ਨਿਊਜ਼ੀਲੈਂਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਹ ਕੰਮ ਸੰਭਵ ਨਹੀਂ ਸੀ।
ਯੂਕਰੇਨ ਲਈ ਉਨ੍ਹਾਂ ਦੀ ਅਟੁੱਟ ਸੇਵਾ ਦੇ ਮੱਦੇਨਜ਼ਰ, ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜੇਲੇਨਸਕੀ ਵੱਲੋਂ ਟੈਂਬੀ ਪਾਵਲ ਨੂੰ Order of Merit ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
Related posts
- Comments
- Facebook comments
