ਆਕਲੈਂਡ (ਐੱਨ ਜੈੱਡ ਤਸਵੀਰ) ਨੌਜਵਾਨਾਂ ਲਈ ਵਜ਼ਨ ਘਟਾਉਣ ਦੀ ਦਵਾਈ Wegovy ਨੂੰ ਫੰਡ ਕਰਨ ਦੀ ਮੰਗ
ਨਿਊਜ਼ੀਲੈਂਡ ਦੇ ਇੱਕ ਪ੍ਰਮੁੱਖ ਬਾਲ ਰੋਗ ਮਹਿਰ ਨੇ ਦਵਾਈ ਫੰਡਿੰਗ ਏਜੰਸੀ Pharmac ਨੂੰ ਅਪੀਲ ਕੀਤੀ ਹੈ ਕਿ ਉਹ ਵਜ਼ਨ ਘਟਾਉਣ ਵਾਲੀ ਦਵਾਈ Wegovy ਨੂੰ ਟੀਨਏਜਰਾਂ ਲਈ ਸਰਕਾਰੀ ਤੌਰ ’ਤੇ ਫੰਡ ਕਰੇ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਦਮ ਭਵਿੱਖ ਵਿੱਚ ਨੌਜਵਾਨਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।
ਪੇਡਿਆਟ੍ਰਿਕ ਐਂਡੋਕ੍ਰਿਨੋਲੋਜੀ ਦੇ ਮਾਹਿਰ ਪ੍ਰੋਫੈਸਰ ਵੇਨ ਕਟਫੀਲਡ ਨੇ ਕਿਹਾ ਕਿ ਬਹੁਤ ਜ਼ਿਆਦਾ ਵਜ਼ਨ ਵਾਲੇ 14 ਤੋਂ 16 ਸਾਲ ਦੇ ਕਈ ਨੌਜਵਾਨਾਂ ਲਈ Wegovy ਇੱਕ ਪ੍ਰਭਾਵਸ਼ਾਲੀ ਇਲਾਜ ਹੋ ਸਕਦਾ ਹੈ। ਉਨ੍ਹਾਂ ਮੁਤਾਬਕ, ਇਸ ਦਵਾਈ ਨਾਲ ਡਾਇਬਟੀਜ਼, ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਵਰਗੇ ਖ਼ਤਰਿਆਂ ਨੂੰ ਘਟਾਇਆ ਜਾ ਸਕਦਾ ਹੈ। ਇਸ ਸਮੇਂ ਦਵਾਈ ਦੀ ਮਹੀਨਾਵਾਰ ਕੀਮਤ ਕਾਫ਼ੀ ਵੱਧ ਹੋਣ ਕਾਰਨ ਬਹੁਤੇ ਪਰਿਵਾਰ ਇਸ ਤੱਕ ਪਹੁੰਚ ਨਹੀਂ ਕਰ ਸਕਦੇ।
ਪ੍ਰੋਫੈਸਰ ਕਟਫੀਲਡ ਨੇ ਜ਼ੋਰ ਦੇ ਕੇ ਕਿਹਾ ਕਿ ਦਵਾਈ ਸਿਰਫ਼ ਇੱਕ ਹੱਲ ਨਹੀਂ ਹੈ, ਸਗੋਂ ਇਸਦੇ ਨਾਲ ਸਿਹਤਮੰਦ ਖੁਰਾਕ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਵੀ ਜ਼ਰੂਰੀ ਹਨ ਤਾਂ ਜੋ ਲੰਬੇ ਸਮੇਂ ਤੱਕ ਲਾਭ ਮਿਲ ਸਕੇ।
ਦੂਜੇ ਪਾਸੇ, Pharmac ਵੱਲੋਂ ਕਿਹਾ ਗਿਆ ਹੈ ਕਿ Wegovy ਨੂੰ ਫੰਡ ਕਰਨ ਬਾਰੇ ਸਲਾਹਕਾਰ ਕਮੇਟੀ ਵੱਲੋਂ ਅਸਥਾਈ ਸਿਫਾਰਸ਼ ਕੀਤੀ ਗਈ ਹੈ, ਪਰ ਅਜੇ ਇਹ ਤੈਅ ਨਹੀਂ ਹੋਇਆ ਕਿ ਇਹ ਦਵਾਈ ਟੀਨਏਜਰਾਂ ਲਈ ਵੀ ਉਪਲਬਧ ਹੋਵੇਗੀ ਜਾਂ ਨਹੀਂ। ਪੂਰੀ ਰਿਪੋਰਟ ਅਗਲੇ ਸਾਲ ਤੱਕ ਜਾਰੀ ਹੋਣ ਦੀ ਉਮੀਦ ਹੈ।
ਗੌਰਤਲਬ ਹੈ ਕਿ ਨਿਊਜ਼ੀਲੈਂਡ ਵਿੱਚ ਵਧਦੇ ਮੋਟਾਪੇ ਦੀ ਸਮੱਸਿਆ ਇੱਕ ਵੱਡੀ ਸਿਹਤ ਚੁਣੌਤੀ ਬਣੀ ਹੋਈ ਹੈ, ਜਿਸ ਕਾਰਨ ਨੌਜਵਾਨਾਂ ਲਈ ਪ੍ਰਭਾਵਸ਼ਾਲੀ ਇਲਾਜ ਅਤੇ ਰੋਕਥਾਮ ਉੱਤੇ ਚਰਚਾ ਤੇਜ਼ ਹੋ ਗਈ ਹੈ।
Related posts
- Comments
- Facebook comments
