ਆਕਲੈਂਡ (ਐੱਨ ਜੈੱਡ ਤਸਵੀਰ) ਕਵਾਈ ਪੁਰਾਪੁਰਾ ਆਸ਼ਰਮ ਵਿੱਚ ਰਹਿੰਦੀ ਇੱਕ ਔਰਤ ਨੂੰ ਪਰੇਸ਼ਾਨੀ ਅਤੇ ਡਰਾਉਣੇ ਵਿਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਸਬੰਧੀ ਅਦਾਲਤੀ ਫੈਸਲੇ ਤਹਿਤ ਉਸਨੂੰ ਮੁਆਵਜ਼ਾ ਦਿੱਤਾ ਗਿਆ ਹੈ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਇੱਕ ਹੋਰ ਵਸਨੀਕ ਦੀ ਬਦਸਲੂਕੀ ਨੂੰ ਸਮੇਂ ’ਤੇ ਰੋਕਿਆ ਨਹੀਂ ਗਿਆ।
ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਨਾਲ ਰਹਿੰਦੇ ਇੱਕ ਵਿਅਕਤੀ ਵੱਲੋਂ ਲਗਾਤਾਰ ਉੱਚੀ ਆਵਾਜ਼ ਵਿੱਚ ਸੰਗੀਤ ਚਲਾਉਣਾ, ਰਾਤ ਦੇ ਸਮੇਂ ਬੇਲੋੜਾ ਸ਼ੋਰ ਕਰਨਾ ਅਤੇ ਉਸ ਦੇ ਰਹਾਇਸ਼ੀ ਕੈਬਿਨ ਦੇ ਆਲੇ-ਦੁਆਲੇ ਡਰ ਪੈਦਾ ਕਰਨ ਵਾਲਾ ਵਿਹਾਰ ਕੀਤਾ ਗਿਆ। ਇਸ ਕਾਰਨ ਉਸ ਦੀ ਮਨ ਦੀ ਸ਼ਾਂਤੀ ਭੰਗ ਹੋਈ ਅਤੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੀ।
ਔਰਤ ਵੱਲੋਂ ਬਾਰੰਬਾਰ ਸ਼ਿਕਾਇਤ ਕਰਨ ਦੇ ਬਾਵਜੂਦ ਆਸ਼ਰਮ ਦੇ ਪ੍ਰਬੰਧਕਾਂ ਨੇ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ। ਮਾਮਲਾ ਆਖ਼ਰਕਾਰ ਕਿਰਾਏਦਾਰੀ ਵਿਵਾਦ ਸੁਣਵਾਈ ਅਦਾਲਤ ਤੱਕ ਪਹੁੰਚਿਆ, ਜਿੱਥੇ ਇਹ ਮੰਨਿਆ ਗਿਆ ਕਿ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਪੀੜਤ ਦੀ ਸ਼ਾਂਤਮਈ ਰਹਾਇਸ਼ ਦਾ ਅਧਿਕਾਰ ਟੁੱਟਿਆ।
ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਸ਼ੁਰੂ ਵਿੱਚ ਹੀ ਸਖ਼ਤ ਕਦਮ ਚੁੱਕੇ ਜਾਂਦੇ ਤਾਂ ਇਹ ਹਾਲਾਤ ਪੈਦਾ ਨਾ ਹੁੰਦੇ। ਇਸ ਅਧਾਰ ’ਤੇ ਆਸ਼ਰਮ ਪ੍ਰਬੰਧਨ ਨੂੰ ਪੀੜਤ ਔਰਤ ਨੂੰ ਕਿਰਾਏ ਵਿੱਚ ਛੂਟ ਅਤੇ ਵਿੱਤੀ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ।
ਪੀੜਤ ਔਰਤ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਉਸ ਦੀ ਨਿੱਜੀ ਲੜਾਈ ਨਹੀਂ, ਸਗੋਂ ਉਹਨਾਂ ਸਾਰੇ ਲੋਕਾਂ ਲਈ ਸਬਕ ਹੈ ਜੋ ਸਾਂਝੀ ਰਹਾਇਸ਼ ਵਾਲੀਆਂ ਥਾਵਾਂ ’ਤੇ ਸੁਰੱਖਿਆ ਅਤੇ ਇਨਸਾਫ਼ ਦੀ ਉਮੀਦ ਕਰਦੇ ਹਨ।
Related posts
- Comments
- Facebook comments
