ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸਨ ਨੇ ਤਾਜ਼ਾ ਸਰਵੇਖਣਾਂ ਵਿੱਚ ਆਪਣੀ ਪਾਰਟੀ ਦੀ ਘੱਟ ਰਹੀ ਲੋਕਪ੍ਰਿਯਤਾ ਦੇ ਬਾਵਜੂਦ ਕਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਕਾਕਸ ਦਾ ਪੂਰਾ ਸਮਰਥਨ ਪ੍ਰਾਪਤ ਹੈ ਅਤੇ ਨੇਤ੍ਰਤਾ ਛੱਡਣ ਬਾਰੇ ਕੋਈ ਵੀਚਾਰ ਨਹੀਂ ਕੀਤਾ ਜਾ ਰਿਹਾ।
ਤਾਜ਼ਾ ਸਰਵੇਖਣ ਮੁਤਾਬਕ ਨਿਊਜੀਲੈਂਡ ਨੈਸ਼ਨਲ ਪਾਰਟੀ ਦੀ ਲੋਕਪ੍ਰਿਯਤਾ ਘਟ ਕੇ ਲਗਭਗ 28 ਫੀਸਦੀ ਦੇ ਆਸ-ਪਾਸ ਰਹਿ ਗਈ ਹੈ, ਜੋ ਹਾਲੀਆ ਸਮੇਂ ਦਾ ਸਭ ਤੋਂ ਘੱਟ ਅੰਕੜਾ ਮੰਨਿਆ ਜਾ ਰਿਹਾ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਵਜੋਂ ਲਕਸਨ ਦੀ ਨਿੱਜੀ ਲੋਕਪ੍ਰਿਯਤਾ ਵੀ ਘੱਟ ਦਰਜ ਕੀਤੀ ਗਈ ਹੈ।
ਇਸ ਸਥਿਤੀ ਤੋਂ ਬਾਅਦ ਰਾਜਨੀਤਿਕ ਵਰਗ ਵਿੱਚ ਚਰਚਾ ਹੋਣ ਲੱਗੀ ਕਿ ਕੀ ਲਕਸਨ ਦੀ ਨੇਤ੍ਰਤਾ ‘ਤੇ ਦਬਾਅ ਵਧ ਸਕਦਾ ਹੈ। ਪਰ ਲਕਸਨ ਨੇ ਇਹ ਅਟਕਲਾਂ ਰੱਦ ਕਰਦਿਆਂ ਕਿਹਾ ਕਿ ਉਹ ਸਰਵੇਖਣਾਂ ਨੂੰ ਲੈ ਕੇ ਘਬਰਾਏ ਨਹੀਂ ਹਨ ਅਤੇ ਸਰਕਾਰ ਆਪਣਾ ਕੰਮ ਜਾਰੀ ਰੱਖੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸਰਵੇਖਣ ਨਤੀਜੇ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਅਸਲ ਧਿਆਨ ਦੇਸ਼ ਲਈ ਕੰਮ ਕਰਨ ‘ਤੇ ਹੋਣਾ ਚਾਹੀਦਾ ਹੈ।
ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਲੇਬਰ ਪਾਰਟੀ ਦੀ ਲੋਕਪ੍ਰਿਯਤਾ ਵਧ ਕੇ ਕਰੀਬ 34 ਫੀਸਦੀ ਹੋ ਗਈ ਹੈ, ਜਿਸ ਨਾਲ ਵਿਰੋਧੀ ਧਿਰ ਨੂੰ ਰਾਜਨੀਤਿਕ ਤੌਰ ‘ਤੇ ਮਜ਼ਬੂਤੀ ਮਿਲਦੀ ਨਜ਼ਰ ਆ ਰਹੀ ਹੈ।
ਉਧਰ ਵਿੱਤ ਮੰਤਰੀ ਨਿਕੋਲਾ ਵਿਲਿਸ ਨੇ ਵੀ ਮੰਨਿਆ ਕਿ ਸਰਵੇਖਣ ਦੇ ਨਤੀਜੇ ਪਾਰਟੀ ਲਈ ਉਤਸ਼ਾਹਜਨਕ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇ ਚੋਣਾਂ ਵਿੱਚ ਇਸ ਤਰ੍ਹਾਂ ਦਾ ਨਤੀਜਾ ਆਇਆ ਤਾਂ ਇਹ ਪਾਰਟੀ ਲਈ ਕਬੂਲਯੋਗ ਨਹੀਂ ਹੋਵੇਗਾ ਅਤੇ ਪਾਰਟੀ ਨੂੰ ਹੋਰ ਮਿਹਨਤ ਕਰਨੀ ਪਵੇਗੀ।
ਇਸਦੇ ਬਾਵਜੂਦ ਲਕਸਨ ਦਾ ਕਹਿਣਾ ਹੈ ਕਿ ਸਰਕਾਰ ਆਪਣੀਆਂ ਨੀਤੀਆਂ ਅਤੇ ਆਰਥਿਕ ਸੁਧਾਰਾਂ ‘ਤੇ ਧਿਆਨ ਕੇਂਦਰਿਤ ਕਰਦੀ ਰਹੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਦਾ ਭਰੋਸਾ ਮੁੜ ਜਿੱਤਣ ਦੀ ਕੋਸ਼ਿਸ਼ ਕਰੇਗੀ।
