ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੀ ਰਾਸ਼ਟਰੀ ਹਵਾਈ ਸੇਵਾ ਕੰਪਨੀ ਏਅਰ ਨਿਊਜੀਲੈਂਡ ਨੇ ਵਧ ਰਹੀਆਂ ਜੈੱਟ ਫਿਊਲ ਦੀਆਂ ਕੀਮਤਾਂ ਦੇ ਮੱਦੇਨਜ਼ਰ ਕਰੀਬ 1100 ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਇਸ ਫੈਸਲੇ ਨਾਲ ਅਗਲੇ ਕੁਝ ਹਫ਼ਤਿਆਂ ਦੌਰਾਨ ਹਜ਼ਾਰਾਂ ਯਾਤਰੀਆਂ ਦੀ ਯਾਤਰਾ ਯੋਜਨਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਕੰਪਨੀ ਮੁਤਾਬਕ ਇਹ ਉਡਾਣਾਂ ਹੁਣ ਤੋਂ ਲੈ ਕੇ ਮਈ ਮਹੀਨੇ ਦੀ ਸ਼ੁਰੂਆਤ ਤੱਕ ਰੱਦ ਕੀਤੀਆਂ ਜਾਣਗੀਆਂ ਅਤੇ ਇਸ ਨਾਲ ਲਗਭਗ 44 ਹਜ਼ਾਰ ਯਾਤਰੀ ਪ੍ਰਭਾਵਿਤ ਹੋ ਸਕਦੇ ਹਨ। ਇਹ ਕਟੌਤੀ ਕੁੱਲ ਉਡਾਣਾਂ ਦਾ ਤਕਰੀਬਨ ਪੰਜ ਫੀਸਦੀ ਹਿੱਸਾ ਹੈ।
ਏਅਰਲਾਈਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਰੱਦ ਕੀਤੀਆਂ ਜਾ ਰਹੀਆਂ ਉਡਾਣਾਂ ਦੇਸ਼ ਦੇ ਅੰਦਰੂਨੀ ਰੂਟਾਂ ‘ਤੇ ਹਨ। ਘੱਟ ਮੰਗ ਵਾਲੀਆਂ ਉਡਾਣਾਂ ਨੂੰ ਘਟਾ ਕੇ ਇੰਧਨ ਦੀ ਬਚਤ ਕਰਨ ਅਤੇ ਵਧ ਰਹੇ ਖਰਚੇ ਨੂੰ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਸ਼ਵ ਪੱਧਰ ‘ਤੇ ਤੇਲ ਦੀਆਂ ਕੀਮਤਾਂ ਵਿੱਚ ਆਏ ਤੇਜ਼ ਵਾਧੇ ਨੂੰ ਇਸ ਫੈਸਲੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਮੱਧ-ਪੂਰਬ ਵਿੱਚ ਵਧਦੇ ਤਣਾਅ ਅਤੇ ਗਲੋਬਲ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਕਾਰਨ ਹਵਾਈ ਇੰਧਨ ਦੀ ਕੀਮਤ ਵਿੱਚ ਵੱਡਾ ਵਾਧਾ ਹੋਇਆ ਹੈ, ਜਿਸਦਾ ਅਸਰ ਹਵਾਈ ਯਾਤਰਾ ਉਦਯੋਗ ‘ਤੇ ਪੈ ਰਿਹਾ ਹੈ।
ਕੰਪਨੀ ਨੇ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਰੱਦ ਹੋਣਗੀਆਂ, ਉਨ੍ਹਾਂ ਨੂੰ ਹੋਰ ਉਡਾਣਾਂ ‘ਤੇ ਦੁਬਾਰਾ ਬੁਕ ਕਰਨ ਜਾਂ ਹੋਰ ਵਿਕਲਪ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਉਨ੍ਹਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ।
Related posts
- Comments
- Facebook comments
