ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਵਿੱਚ contactless ਭੁਗਤਾਨ (Paywave) ‘ਤੇ ਲੱਗਣ ਵਾਲੇ ਸਰਚਾਰਜ ਨੂੰ ਖਤਮ ਕਰਨ ਸਬੰਧੀ ਯੋਜਨਾ ਨੂੰ ਲੈ ਕੇ ਸਿਆਸੀ ਤਕਰਾਰ ਤੇਜ਼ ਹੋ ਗਈ ਹੈ, ਜਿੱਥੇ ਵੱਖ-ਵੱਖ ਧਿਰਾਂ ਵੱਲੋਂ ਵਿਰੋਧਭਰੇ ਬਿਆਨ ਸਾਹਮਣੇ ਆ ਰਹੇ ਹਨ।
ACT New Zealand ਅਤੇ Retail NZ ਦਾ ਦਾਅਵਾ ਹੈ ਕਿ Paywave surcharge ban ਹੁਣ ਅੱਗੇ ਨਹੀਂ ਵੱਧੇਗਾ ਅਤੇ ਇਹ ਯੋਜਨਾ ਅਮਲ ਵਿੱਚ ਨਹੀਂ ਆਵੇਗੀ। ਐਕਟ ਦੇ ਨੇਤਾ ਡਵਿਡ ਸਾਇਮੋਰ ਨੇ ਇਸਨੂੰ ਖਰਾਬ ਆਰਥਿਕ ਨੀਤੀ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਛੋਟੇ ਕਾਰੋਬਾਰਾਂ ‘ਤੇ ਵਾਧੂ ਬੋਝ ਪਵੇਗਾ।
ਇਸਦੇ ਉਲਟ, ਨੈਸ਼ਨਲ ਪਾਰਟੀ ਨਾਲ ਸੰਬੰਧਿਤ ਮੰਤਰੀ Scott Simpson ਨੇ ਸਪੱਸ਼ਟ ਕੀਤਾ ਹੈ ਕਿ ਹਾਲੇ ਇਸ ਮਾਮਲੇ ‘ਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਅਤੇ ਸਰਕਾਰ ਵੱਲੋਂ ਕੰਮ ਜਾਰੀ ਹੈ।
ਇਹ ਯੋਜਨਾ ਮੁੱਖ ਤੌਰ ‘ਤੇ ਗਾਹਕਾਂ ਨੂੰ ਕਾਰਡ ਰਾਹੀਂ ਭੁਗਤਾਨ ਕਰਨ ‘ਤੇ ਵਾਧੂ ਫੀਸ ਤੋਂ ਰਾਹਤ ਦੇਣ ਲਈ ਲਿਆਂਦੀ ਗਈ ਸੀ। ਹਾਲਾਂਕਿ ਵਿਰੋਧੀਆਂ ਦਾ ਮੰਨਣਾ ਹੈ ਕਿ ਇਸ ਨਾਲ ਵਪਾਰੀਆਂ ਦੇ ਖਰਚੇ ਵੱਧ ਜਾਣਗੇ ਅਤੇ ਉਹ ਇਹ ਬੋਝ ਕੀਮਤਾਂ ਵਧਾ ਕੇ ਗਾਹਕਾਂ ‘ਤੇ ਪਾ ਸਕਦੇ ਹਨ।
ਮੌਜੂਦਾ ਸਥਿਤੀ ਵਿੱਚ ਇਹ ਮਾਮਲਾ ਅਸਪੱਸ਼ਟ ਬਣਿਆ ਹੋਇਆ ਹੈ, ਜਿੱਥੇ ਇੱਕ ਪਾਸੇ ਇਸਨੂੰ ਖਤਮ ਮੰਨਿਆ ਜਾ ਰਿਹਾ ਹੈ, ਜਦਕਿ ਸਰਕਾਰ ਇਸ ‘ਤੇ ਵਿਚਾਰ ਜਾਰੀ ਹੋਣ ਦੀ ਗੱਲ ਕਰ ਰਹੀ ਹੈ।
