ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਭਾਜਪਾ ਆਗੂ ਸਵਰਨ ਸਲਾਰੀਆਂ ਨੂੰ ਸੂਬੇ ਦਾ ਉਪ-ਪ੍ਰਧਾਨ ਲਗਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਉੱਘ ਸਮਾਜਸੇਵੀ ਸਵਰਨ ਸਲਾਰੀਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ। ਇੱਥੇ ਦੱਸਣਾ ਬਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਵਲੋਂ ਦਿਨੇਸ਼ ਬੱਬੂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਨਰਾਜ਼ ਚੱਲ ਰਹੇ ਸਨ। ਪਹਿਲਾਂ ਇਹ ਅਫ਼ਵਾਹਾਂ ਵੀ ਆ ਰਹੀਆਂ ਸਨ ਕਿ ਮਰਹੂਮ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੀ ਅਜ਼ਾਦ ਤੌਰ ’ਤੇ ਚੋਣ ਮੈਦਾਨ ’ਚ ਉਤਰਨਗੇ, ਪਰ ਬਾਅਦ ’ਚ ਕਵਿਤਾ ਨੇ ਖ਼ੁਦ ਪੋਸਟ ਪਾਕੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ।
ਵੇਖੋ, ਲਿਸਟ
ਹਾਲਾਂਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਕਵਿਤਾ ਖੰਨਾ ਨੇ ਭਾਜਪਾ ਦੀ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਸੀ, ਪਰ ਹਾਈ ਕਮਾਂਡ ਨੇ ਸਥਾਨਕ ਆਗੂਆਂ ਨੂੰ ਨਜ਼ਰਅੰਦਾਜ ਕਰ ਸੰਨੀ ਦਿਓਲ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ। ਹਾਲਾਂਕਿ ਮੁੱਖ ਮੰਤਰੀ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਲਾਰੀਆ ਦੇ ਪਾਰਟੀ ’ਚ ਆਉਣ ਨਾਲ ਮਜ਼ਬੂਤੀ ਮਿਲੇਗੀ, ਪਰ ਕਿੰਨੀ ਮਜ਼ਬੂਤੀ ਮਿਲਦੀ ਹੈ ਇਹ ਤਾਂ ਆਉਣ ਵਾਲੀ 4 ਜੂਨ ਨੂੰ ਸਪੱਸ਼ਟ ਹੋ ਜਾਵੇਗਾ।