ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਅਗਲੇ ਹਫ਼ਤੇ ਤੱਕ ਗਰਮੀ ਦਾ ਕਹਿਰ ਜਾਰੀ ਰਹਿਣ ਵਾਲਾ ਹੈ। ਮੌਸਮ ਵਿਭਾਗ ਵੱਲੋਂ ਇੱਕ ਹਫ਼ਤੇ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਵਿਚ ਹੀਟ ਵੇਵ ਸਬੰਧੀ ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਫਿਲਹਾਲ ਕੋਈ ਵੈਸਟਰਨ ਡਿਸਟਰਬੈਂਸ ਜਾਂ ਰਾਹਤ ਨਹੀਂ ਹੈ। ਇਸ ਸਬੰਧੀ ਲੋਕਾਂ ਨੂੰ ਐਡਵਾਈਜ਼ਰੀ ਵੀ ਜਾਰੀ ਕੀਤੀ ਜਾ ਰਹੀ ਹੈ। ਹਾਲਾਂਕਿ ਮੌਸਮ ਵਿਭਾਗ ਨੇ ਰਾਹਤ ਵਾਲੀ ਖਬਰ ਵੀ ਦਿੱਤੀ ਹੈ।
ਮੌਸਮ ਵਿਭਾਗ ਅਨੁਸਾਰ ਮਾਨਸੂਨ 27 ਜੂਨ ਤੱਕ ਪੰਜਾਬ ‘ਚ ਦਸਤਕ ਦੇਵੇਗਾ। ਮਾਨਸੂਨ ਆਪਣੇ ਪੂਰੇ ਸਮੇਂ ‘ਤੇ ਪਹੁੰਚ ਰਿਹਾ ਹੈ ਅਤੇ ਵਿਭਾਗ ਦੇ ਅਨੁਮਾਨ ਅਨੁਸਾਰ 27 ਤੋਂ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ‘ਚ ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਇਸ ਤਰੀਕ ਤੋਂ ਪੰਜਾਬ ਵਿਚ ਮਾਨਸੂਨ ਸਰਗਰਮ ਹੋ ਜਾਵੇਗੀ। ਇਸ ਸਮੇਂ ਦੌਰਾਨ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਹੁਣ ਤੱਕ ਮਾਨਸੂਨ ਆਪਣੇ ਤੈਅ ਸਮੇਂ ਤੋਂ ਪਹਿਲਾਂ ਹੀ ਪਹੁੰਚ ਰਿਹਾ ਹੈ। ਕੇਰਲਾ ਵਿਚ ਮਾਨਸੂਨ ਨੇ ਦੋ ਦਿਨ ਪਹਿਲਾਂ ਐਂਟਰੀ ਮਾਰੀ ਸੀ। ਇਸ ਤੋਂ ਬਾਅਦ ਮੁੰਬਈ ਵਿਚ ਸਮੇਂ ਤੋਂ ਪਹਿਲਾਂ ਦਾਖਲ ਹੋ ਕੇ ਭਾਰੀ ਤਬਾਹੀ ਮਚਾਈ।
ਇਸ ਦੌਰਾਨ ਉਤਰੀ ਭਾਰਤ ਵਿਚ ਵੀ ਮਾਨਸੂਨ ਤੋਂ ਵੱਡੀ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਨੇ ਲਗਾਤਾਰ ਰਫਤਾਰ ਫੜੀ ਹੋਈ ਹੈ। ਹੁਣ ਤੱਕ ਦੀ ਰਿਪੋਰਟ ਮੁਤਾਬਕ ਮਾਨਸੂਨ ਆਪਣੇ ਤੈਅ ਸਮੇਂ ਤੋਂ ਲਗਾਤਾਰ ਹਫਤੇ ਜਾਂ 3 ਪਹਿਲਾਂ ਪਹੁੰਚ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਦੇ ਅੱਗੇ ਵਧਣ ਦੇ ਹਾਲਾਤ ਬਿਲਕੁਲ ਅਨੁਕੂਲ ਹਨ। ਇਹ ਉਤਰੀ ਭਾਰਤ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਫਿਲਹਾਲ ਮਾਨਸੂਨ ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਦੱਖਣੀ ਮਹਾਰਾਸ਼ਟਰ ‘ਚ ਪਹੁੰਚ ਗਿਆ ਹੈ।