ArticlesSports

ਟੀ20 ਦਰਜਾਬੰਦੀ: ਬੱਲੇਬਾਜ਼ੀ ’ਚ ਸੂਰਿਆਕੁਮਾਰ ਯਾਦਵ ਦੂਜੇ ਸਥਾਨ ’ਤੇ ਬਰਕਰਾਰ

ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਨਵੀਂ ਪੁਰਸ਼ ਟੀ20 ਕੌਮਾਂਤਰੀ ਬੱਲੇਬਾਜ਼ੀ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਬਰਕਰਾਰ ਰਿਹਾ ਹੈ। ਜ਼ਿੰਬਾਬਵੇ ਵਿੱਚ ਚੱਲ ਰਹੀ ਲੜੀ ਵਿੱਚ ਚੰਗੇ ਪ੍ਰਦਰਸ਼ਨ ਮਗਰੋਂ ਰਿਤੂਰਾਜ ਗਾਇਕਵਾੜ ਦੀ ਦਰਜਾਬੰਦੀ ਵਿੱਚ ਵੀ ਸੁਧਾਰ ਆਇਆ ਹੈ। ਸੂਰਿਆਕੁਮਾਰ 821 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਆਸਟਰੇਲੀਆ ਦਾ ਟ੍ਰੈਵਿਸ ਹੈੱਡ 844 ਅੰਕਾਂ ਨਾਲ ਸਿਖਰ ’ਤੇ ਹੈ। ਇੰਗਲੈਂਡ ਦਾ ਫਿਲ ਸਾਲਟ 797 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ, ਜਦਕਿ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ (755), ਮੁਹੰਮਦ ਰਿਜ਼ਵਾਨ (746) ਅਤੇ ਜੋਸ ਬਟਲਰ (716) ਦਾ ਨੰਬਰ ਉਸ ਦੇ ਬਾਅਦ ਆਉਂਦਾ ਹੈ। ਜ਼ਿੰਬਾਬਵੇ ਖ਼ਿਲਾਫ਼ ਦੂਜੇ ਟੀ20 ਵਿੱਚ ਭਾਰਤ ਦੀ 100 ਦੌੜਾਂ ਦੀ ਆਸਾਨ ਜਿੱਤ ਦੌਰਾਨ 47 ਗੇਂਦਾਂ ਵਿੱਚ ਨਾਬਾਦ 77 ਦੌੜਾਂ ਦੀ ਪਾਰੀ ਖੇਡਣ ਵਾਲਾ ਗਾਇਕਵਾੜ 13 ਸਥਾਨ ਦੇ ਫਾਇਦੇ ਨਾਲ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ। ਗਾਇਕਵਾੜ ਤੋਂ ਇਲਾਵਾ ਰਿੰਕੂ ਸਿੰਘ ਅਤੇ ਅਭਿਸ਼ੇਕ ਸ਼ਰਮਾ ਦੀ ਦਰਜਾਬੰਦੀ ਵਿੱਚ ਵੀ ਸੁਧਾਰ ਹੋਇਆ ਹੈ। ਟੀ20 ਵਿਸ਼ਵ ਕੱਪ ਲਈ ਭਾਰਤ ਦੇ ਰਿਜ਼ਰਵ ਖਿਡਾਰੀਆਂ ਵਿੱਚ ਸ਼ਾਮਲ ਰਿੰਕੂ ਚਾਰ ਥਾਵਾਂ ਦੇ ਫਾਇਦੇ ਨਾਲ 39ਵੇਂ ਸਥਾਨ ’ਤੇ ਹੈ। ਉਸ ਨੇ ਦੂਜੇ ਟੀ20 ਵਿੱਚ 22 ਗੇਂਦਾਂ ’ਤੇ ਨਾਬਾਦ 48 ਦੌੜਾਂ ਬਣਾਈਆਂ। ਪਹਿਲੇ ਮੈਚ ਵਿੱਚ ਖਾਤਾ ਖੋਲ੍ਹਣ ’ਚ ਨਾਕਾਮ ਰਹਿਣ ਮਗਰੋਂ ਆਲਰਾਊਂਡਰ ਅਭਿਸ਼ੇਕ ਨੇ ਦੂਜੇ ਮੈਚ ਵਿੱਚ ਸਿਰਫ਼ 47 ਗੇਂਦਾਂ ਵਿੱਚ 100 ਦੌੜਾਂ ਦੀ ਪਾਰੀ ਖੇਡੀ, ਜਿਸ ਦੀ ਬਦੌਲਤ ਉਸ ਨੇ 75ਵੇਂ ਸਥਾਨ ਨਾਲ ਪਹਿਲੀ ਵਾਰ ਦਰਜਾਬੰਦੀ ਵਿੱਚ ਜਗ੍ਹਾ ਬਣਾਈ।

ਟੀ20 ਕੌਮਾਂਤਰੀ ਗੇਂਦਬਾਜ਼ਾਂ ਦੀ ਸੂਚੀ ਵਿੱਚ ਖੱਬੇ ਹੱਥ ਦਾ ਸਪਿੰਨਰ ਅਕਸ਼ਰ ਪਟੇਲ ਨੌਵੇਂ ਸਥਾਨ ਨਾਲ ਸਿਖਰਲੇ 10 ਵਿੱਚ ਸ਼ਾਮਲ ਇਕਲੌਤਾ ਭਾਰਤੀ ਗੇਂਦਬਾਜ਼ ਹੈ। ਦੋ ਸਥਾਨ ਦੇ ਨੁਕਸਾਨ ਨਾਲ ਉਸ ਦੇ 644 ਅੰਕ ਹਨ। ਭਾਰਤ ਦਾ ਇੱਕ ਹੋਰ ਸਪਿੰਨਰ ਕੁਲਦੀਪ ਯਾਦਵ ਵੀ ਤਿੰਨ ਸਥਾਨ ਦੇ ਨੁਕਸਾਨ ਨਾਲ 11ਵੇਂ ਸਥਾਨ ’ਤੇ ਖਿਸਕ ਗਿਆ। ਟੀ20 ਵਿਸ਼ਵ ਕੱਪ ਦਾ ਸਰਵੋਤਮ ਖਿਡਾਰੀ ਜਸਪ੍ਰੀਤ ਬੁਮਰਾਹ ਵੀ ਦੋ ਸਥਾਨ ਦੇ ਨੁਕਸਾਨ ਨਾਲ 14ਵੇਂ ਸਥਾਨ ’ਤੇ ਹੈ। ਸਿਖਰਲੇ 10 ਵਿੱਚ ਸ਼ਾਮਲ ਗੇਂਦਬਾਜ਼ਾਂ ਵਿੱਚ ਐਡਮ ਜੰਪਾ (ਸੱਤਵੇਂ), ਫਜ਼ਲਹਕ ਫਾਰੂਕੀ (ਅੱਠਵੇਂ) ਤੇ ਮਹੀਸ਼ ਤੀਕਸ਼ਨਾ (10ਵੇਂ) ਦੀ ਦਰਜਾਬੰਦੀ ਵਿੱਚ ਸੁਧਾਰ ਹੋਇਆ ਹੈ। ਜ਼ਿੰਬਾਬਵੇ ਖ਼ਿਲਾਫ਼ ਸ਼ੁਰੂਆਤੀ ਦੋ ਮੈਚਾਂ ਵਿੱਚ ਛੇ ਵਿਕਟਾਂ ਲੈਣ ਵਾਲੇ ਭਾਰਤ ਦਾ ਰਵੀ ਬਿਸ਼ਨੋਈ ਅੱਠ ਥਾਵਾਂ ਦੇ ਫਾਇਦੇ ਨਾਲ 146ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਭਾਰਤ ਦੇ ਉਪ ਕਪਤਾਨ ਹਾਰਦਿਕ ਪਾਂਡਿਆ ਨੂੰ ਟੀ20 ਕੌਮਾਂਤਰੀ ਆਲਰਾਊਂਡਰ ਸੂਚੀ ਵਿੱਚ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਦੂਜੇ ਸਥਾਨ ’ਤੇ ਹੈ। ਸ੍ਰੀਲੰਕਾ ਦਾ ਵਾਨਿੰਦੂ ਹਸਰੰਗਾ ਸਿਖਰ ’ਤੇ ਹੈ। ਪਹਿਲੇ ਮੈਚ ਵਿੱਚ 27 ਦੌੜਾਂ ਦੀ ਪਾਰੀ ਖੇਡਣ ਤੇ ਦੋ ਮੈਚਾਂ ਵਿੱਚ ਤਿੰਨ ਵਿਕਟਾਂ ਲੈਣ ਵਾਲਾ ਵਾਸ਼ਿੰਗਟਨ ਸੁੰਦਰ ਸਿਖਰਲੇ 50 ਵਿੱਚ ਸ਼ਾਮਲ ਹੋ ਗਿਆ ਹੈ। ਆਲਰਾਊਂਡਰ ਸੂਚੀ ਵਿੱਚ ਅਕਸ਼ਰ 12ਵੇਂ ਸਥਾਨ ’ਤੇ ਹੈ।

Related posts

ਕੈਂਟਰਬਰੀ ਸਥਿਤ ਇੱਕ ਭਰਤੀ ਕੰਪਨੀ ਦੇ ਖਿਲਾਫ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਦੋ ਸ਼ਿਕਾਇਤਾਂ ਹੋਈਆਂ ਦਰਜ

Gagan Deep

ਪੂਜਾ ਹੇਗੜੇ ਵੱਲੋਂ ਫਿਲਮ ‘ਦੇਵਾ’ ਦੀ ਸ਼ੂਟਿੰਗ ਮੁਕੰਮਲ

Gagan Deep

Amritpal Singh MP Oath: Airforce ਦੇ ਏਅਰਕ੍ਰਾਫਟ ਵਿਚ ਦਿੱਲੀ ਆ ਰਿਹਾ ਅੰਮ੍ਰਿਤਪਾਲ, VIDEO ਆਈ ਸਾਹਮਣੇ

Gagan Deep

Leave a Comment