ਆਕਲੈਂਡ (ਐੱਨ ਜੈੱਡ ਤਸਵੀਰ) ਐਤਵਾਰ 24 ਨਵੰਬਰ 2024 ਦੀ ਸ਼ਾਮ ਸ਼ੇਰ-ਏ-ਪੰਜਾਬ ਰੈਸਟੋਰੈਂਟ ਵਿਚ ਸਿੱਖ ਕਾਉਂਸਲ ਔਫ ਨਿਊਜ਼ੀਲੈਂਡ ਦੇ ਕੁਝ ਪ੍ਰੱਮੁਖ ਮੈਂਬਰਾਂ ਅਤੇ ਐੱਨ ਜੈੱਡ ਤਸਵੀਰ ਅਖਬਾਰ ਦੇ ਐਡੀਟਰ ਨਰਿੰਦਰ ਕੁਮਾਰ ਸਿੰਗਲਾ ਦੀ ਅਚਨਚੇਤ ਹੋਈ ਮੁਲਾਕਾਤ ਵਿਚ ਕਈ ਖਦਸ਼ੇ ਸਾਂਝੇ ਕੀਤੇ ਗਏ ਅਤੇ ਉਹਨਾਂ ‘ਤੇ ਵਿਚਾਰਾਂ ਹੋਈਆਂ।
ਨਰਿੰਦਰ ਕੁਮਾਰ ਸਿੰਗਲਾ ਵਲੋਂ ਦਰਸਾਏ ਰੈਫਰੈਂਡਮ ਬਾਰੇ ਖਦਸ਼ਿਆਂ ਨੂੰ ਸਿੱਖ ਕਾਉਂਸਲ ਔਫ ਨਿਊਜ਼ੀਲੈਂਡ ਦੇ ਪ੍ਰਮੁੱਖ ਮੈਂਬਰਾਂ ਨੇ ਇਹ ਕਹਿ ਕੇ ਖਾਰਜ ਕਰ ਦਿਤਾ ਕਿ ਨਾ ਤਾਂ ਇਸ ਰੈਫਰੈਂਡਮ ਵਿਚ ਭਾਰਤ ਖਿਲਾਫ ਕੋਈ ਕਾਰਵਾਈ ਹੋਈ ਅਤੇ ਨਾ ਹਿੰਦੂਆਂ ਖਿਲਾਫ। ਇਹ ਰੈਫਰੈਂਡਮ ਕੇਵਲ ਇਸ ਸਵਾਲ ‘ਤੇ ਸੀ ਕਿ “ਕੀ ਪੰਜਾਬ ਇਕ ਖੁਦਮੁਖਤਿਆਰ ਮੁਲਕ ਹੋਣਾ ਚਾਹੀਦਾ ਹੈ ਜਾਂ ਨਹੀਂ।” ਇਹ ਸਵਾਲ ਪੁੱਛਣ ਦਾ ਅਤੇ ਇਸ ਉਪਰ ਵੋਟਾਂ ਪਾਉਣ ਦਾ ਲੋਕਤੰਤਰੀ ਹੱਕ ਸਿੱਖਾਂ ਨੂੰ ਹੈ ਅਤੇ ਉਹ ਇਹ ਹੱਕ ਕਦੇ ਵੀ ਨਹੀਂ ਛੱਡ ਸਕਦੇ। ਜਦੋਂ ਪੰਜਾਬ ਮੁਗਲਾਂ ਅਧੀਨ ਸੀ ਤਾਂ ਸਿੱਖਾਂ ਨੇ ਇਸਦੀ ਅਜਾਦੀ ਦੀ ਜੱਦੋ-ਜਹਿਦ ਵਿਚ ਹਜਾਰਾਂ ਜਾਨਾਂ ਵਾਰੀਆਂ ਅਤੇ ਇਸਨੂੰ ਨਾ ਸਿਰਫ ਮੁਗਲਾਂ ਕੋਲੋਂ ਅਜਾਦ ਕਰਵਾਇਆ ਬਲਕਿ ਬਾਹਰੀ ਅਤੇ ਅੰਦਰੂਨੀ ਹਮਲਾਵਰਾਂ ਵਿਰੁੱਧ ਵੀ ਆਪਣੀ ਅਵਾਜ ਬੁਲੰਦ ਕੀਤੀ।ਜਦੋਂ ਅੰਗ੍ਰੇਜਾਂ ਨੇ ਹਿੰਦੂ ਅਤੇ ਮੁਸਲਮਾਨ ਪੂਰਬੀਏ ਸਿਪਾਹੀਆਂ ਦੀ ਫੌਜ ਅਤੇ ਧੋਖੇਬਾਜ ਡੋਗਰੇ ਭਰਾਵਾਂ ਦੀ ਮਦਦ ਨਾਲ ਪੰਜਾਬ ਨੂੰ ਮੁੜ ਗੁਲਾਮ ਬਣਾ ਲਿਆ। ਇਸ ਗੁਲਾਮੀ ਵਿਚੋਂ ਨਿਕਲਣ ਲਈ ਵੀ ਸਿਖਾਂ ਨੇ ਹਜਾਰਾਂ ਕੁਰਬਾਨੀਆਂ ਦਿਤੀਆਂ ਅਤੇ ਅਖੀਰ ਨਹਿਰੂ-ਗਾਂਧੀ ਦੇ ਕੀਤੇ ਵਾਅਦਿਆਂ ਤੇ ਭਰੋਸਾ ਕਰਕੇ ਸਿੱਖਾਂ ਨੇ ਆਪਣਾ ਖਾਲਿਸਤਾਨ ਦਾ ਦਾਅਵਾ ਇਕ “ਧਰਮ-ਨਿਰਪੱਖ ਮੁਲਕ ਭਾਰਤ” ਦੇ ਹੱਕ ਵਿਚ ਛੱਡ ਦਿਤਾ, ਜਿਸਦਾ ਮੁੱਲ ਪੰਜਾਬ ਦੀ ਵੰਡ ਵਿਚ ਲੱਖਾਂ ਜਾਨਾਂ ਅਤੇ ਅੱਧੇ ਤੋਂ ਵੱਧ ਪੰਜਾਬ ਗੁਆ ਕੇ ਸਿਖਾਂ ਨੂੰ ਤਾਰਣਾ ਪਿਆ। ਫਿਰ ਵੀ ਅਜਾਦ ਭਾਰਤ ਵਿਚ ਆਪਣੇ ਰਾਜ ਦਾ ਨਿੱਘ ਮਾਨਣ ਲਈ ਇਹ ਮੁੱਲ ਵੀ ਸਿਖਾਂ ਨੂੰ ਮੰਜੂਰ ਸੀ। ਪਰ ਜਦੋਂ 1947 ਤੋਂ ਬਾਅਦ ਹਰ ਸਾਲ ਬੀਤਣ ਨਾਲ ਇਹ ਅਹਿਸਾਸ ਹੋਰ ਮਜਬੂਤ ਹੁੰਦਾ ਗਿਆ ਕਿ ਸਿੱਖ ਇਕ ਗੁਲਾਮੀ ਵਿਚੋਂ ਨਿਕਲ ਕੇ ਦੂਜੀ ਗੁਲਾਮੀ ਵਿਚ ਜਾ ਫਸੇ ਨੇ ਤਾਂ ਕਾਂਗਰਸ ਵਲੋਂ ਆਰ ਐਸ ਐਸ ਦੇ ਜਾਰੀ ਹਿੰਦੂ ਰਾਸ਼ਟਰ ਦੇ ਟੀਚੇ ਨੂੰ ਅਪਨਾੳੇਣ ਵਿਰੁੱਧ ਸਿੱਖਾਂ ਨੇ ਸਿੱਖ-ਰਾਜ ਦੀ ਆਪਣੀ 1947 ਤੋਂ ਪਹਿਲਾਂ ਦੀ ਮੰਗ ਨੂੰ ਮੁੜ ਸੁਰਜੀਤ ਕਰ ਲਿਆ। ਜਦੋਂ ਹਿੰਦੂ ਇਹ ਕਹਿੰਦੇ ਨੇ ਕਿ “ਸਿੱਖਾਂ ਦੀ ਖਾਲਿਸਤਾਨ ਦੀ ਮੰਗ ਭਾਰਤ ਨਾਲ ਧਰੋਹ ਹੈ” ਤਾਂ ਉਹ ਇਸ ਗੱਲ ਦਾ ਜਵਾਬ ਨਹੀਂ ਦਿੰਦੇ ਕਿ ਹਿੰਦੂਆਂ ਦੀ “ਹਿੰਦੂ ਰਾਸ਼ਟਰ” ਦੀ ਮੰਗ ਭਾਰਤ ਨਾਲ ਧਰੋਹ ਕਿਉਂ ਨਹੀਂ ਹੈ? ਜਾਂ ਤਾਂ ਦੋਵੇਂ ਮੰਗਾਂ ਵਾਜਬ ਨੇ ਤੇ ਜਾਂ ਫਿਰ ਦੋਵੇਂ ਗਲਤ ਨੇ। ਇਹ ਹਿਸਾਬ ਇਮਾਨਦਾਰੀ ਵਾਲਾ ਨਹੀਂ ਕਿ ਜੇਕਰ ਸਿੱਖ ਆਪਣਾ ਮੁਲਕ ਮੰਗਦੇ ਨੇ ਤਾਂ ਇਹ ਗਲਤ ਹੈ ਪਰ ਜੇਕਰ ਹਿੰਦੂ ਆਪਣਾ ਮੁਲਕ ਮੰਗਦੇ ਨੇ ਤਾਂ ਉਸ ਵਿਚ ਕੁਝ ਵੀ ਗਲਤ ਨਹੀਂ। ਇਹ ਵੀ ਦੱਸਣਯੋਗ ਹੈ ਕਿ ਭਾਰਤ ਵਿੱਚ ਪਹਿਲਾਂ ਹੀ ਹਿੰਦੂਆਂ ਦੀ ਗਿਣਤੀ 80 ਫੀਸਦ ਦੇ ਕਰੀਬ ਹੈ।ਭਾਰਤ ਵਿੱਚ ਮੁਸਲਿਮ 14 ਫੀਸਦ, ਇਸਾਈ2.30 ਫੀਸਦ, ਸਿੱਖ 1.72 ਫੀਸਦ ਹਨ, ਇਸ ਹਿਸਾਬ ਨਾਲ ਤਾਂ ਭਾਰਤ ਪਹਿਲਾਂ ਹੀ ਹਿੰਦੂ ਰਾਸ਼ਟਰ ਹੈ।ਅਤੇ ਜੇਕਰ ਵਸੋਂ ਦੇ ਹਿਸਾਬ ਨਾ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ 57.69 ਫੀਸਦ,ਹਿੰਦੂ 38.49 ਫੀਸਦ,ਮੁਸਲਿਮਲ 1.93 ਫੀਸਦ ਅਤੇ ਇਸਾਈ 1.26 ਹਨ। ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਇਸ ਹਿਸਾਬ ਨਾਲ ਭਾਰਤ ਤਾਂ ਪਹਿਲਾਂ ਹੀ ਬਹੁ-ਗਿਣਤੀ ਹਿੰਦੂ ਰਾਸ਼ਟਰ ਹੈ। ਪੰਜਾਬੀ ਹਿੰਦੂ ਭਾਈਚਾਰਾ ਹਮੇਸ਼ਾ ਦੋ ਪੁੜਾਂ ਦੇ ਵਿਚਕਾਰ ਪੀੜਿਆ ਗਿਆ ਹੈ।
ਸਿੱਖ ਕਾਉਂਸਲ ਔਫ ਨਿਊਜ਼ੀਲੈਂਡ ਦੇ ਮੈਂਬਰਾਂ ਵਲੋਂ ਨਰਿੰਦਰ ਕੁਮਾਰ ਸਿੰਗਲਾ ਨੂੰ ਇਹ ਪੁਛੇ ਜਾਣ ਤੇ ਕਿ ਕਿਉਂ ਉਹਨਾਂ ਵਲੋਂ ਚਲਾਏ ਜਾ ਰਹੇ ਇਕ ਵਟਸਐਪ ਗਰੁੱਪ ਵਿਚ ਸਿੱਖਾਂ ਖਿਲਾਫ ਨਫਰਤੀ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਇਸਦੇ ਜਵਾਬ ਵਿੱਚ ਨਰਿੰਦਰ ਕੁਮਾਰ ਸਿੰਗਲਾ ਦੱਸਿਆ ਕਿ ਇਹ ਗਰੁੱਪ ਵਿੱਚ 6-7 ਐਡਮਿਨ ਹਨ, ਕਿਸੇ ਵੀ ਧਰਮ-ਫਿਰਕੇ ਵਿਰੁੱਧ ਕੀਤੀ ਟਿੱਪਣੀ ਨੂੰ ਉਨਾਂ ਵੱਲੋਂ ਤੁਰੰਤ ਹਟਾਇਆ ਗਿਆ ਹੈ ਅਤੇ ਉਨਾਂ ਵੱਲੋਂ ਹਰ ਵੇਲੇ ਆਪਸੀ ਭਾਈਚਾਰਾ ਮਿਲਵਰਤਣ ਸਾਂਤੀ ਸਬੰਧੀ ਵਾਰ-ਵਾਰ ਅਪੀਲ ਕੀਤੀ ਗਈ ਹੈ,ਉਹ ਖੁਦ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ। ਸਭ ਤੋਂ ਪਹਿਲਾਂ ਉਹ ਇਨਸਾਨ ਹਨ ਅਤੇ ਇਨਸਾਨੀਅਤ ਦੇ ਤੌਰ ‘ਤੇ ਹੀ ਵਿਚਰਦੇ ਆ ਰਹੇ ਹਨ।ਇਸੇ ਕਾਰਨ ਨਫਰਤੀ ਟਿੱਪਣੀਆਂ ਨੂੰ ਹਟਾਉਣ ਅਤੇ ਇੱਥੋਂ ਤੱਕ ਜੋ ਲੋਕ ਗਰੁੱਪ ਵਿਚ ਨਫਰਤੀ ਟਿੱਪਣੀਆਂ ਕਰਦੇ ਸਨ,ਉਨਾਂ ਨੂੰ ਗਰੁੱਪ ਵਿੱਚੋਂ ਉਨਾਂ ਵੱਲੋਂ ਹੀ ਕੱਢਿਆ ਹੈ।ਅਤੇ ਹੋਰਾਂ ਲੋਕਾਂ ਵੱਲੋਂ ਕੀਤੀਆਂ ਟਿੱਪਣੀਆਂ ‘ਤੇ ਉਨਾਂ ਦਾ ਕੋਈ ਕੰਟਰੋਲ ਨਹੀਂ ਹੈ ਅਤੇ ਨਾ ਹੀ ਕਰ ਸਕਦੇ ਹਨ,ਉਹ ਤਾਂ ਅੱਜਕੱਲ ਉਸ ਗਰੁੱਪ ਦੇ ਐਡਮਿਨ ਵੀ ਨਹੀਂ ਹਨ।
ਉਨਾਂ ਵੱਲੋਂ ਚਲਾਇਆ ਜਾ ਰਿਹਾ ਐੱਨ ਜੈੱਡ ਤਸਵੀਰ ਅਖਬਾਰ ਜੋ ਕਿ ਨਿਊਜੀਲੈਂਡ ਵਿੱਚ ਪੰਜਾਬੀ ਦਾ ਇੱਕ ਪ੍ਰਮੁੱਖ ਅਖਬਾਰ ਹੈ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ ਅਤੇ ਪੰਜਾਬੀ ਬੋਲੀ ਜੋ ਮਾਖਿਉ ਮਿੱਠੀ ਹੈ ਦੀ ਚੜ੍ਹਤ ਲਈ ਕੰਮ ਕਰ ਰਿਹਾ ਹੈ। ਇਹ ਅਖਬਾਰ ਹਮੇਸ਼ਾ ਹੀ ਸੱਚ ਨਾ ਖੜਿਆ ਹੈ ਅਤੇ ਉੱਚ ਪੱਧਰੀ ਕਦਰਾਂ ਕੀਮਤਾਂ ਦੀ ਹਮੇਸ਼ਾ ਹੀ ਵਕਾਲਤ ਕਰਦਾ ਰਿਹਾ ਹੈ,ਇਹ ਅਖਬਾਰ ਧਰਮ ਨਿਰਪੱਖਤਾ ਨੂੰ ਸਮਰਪਿਤ ਹੈ ਅਤੇ ਕਿਸੇ ਵੀ ਜਾਤੀ ਜਾਂ ਫਿਰਕੇ ਨਾਲ ਕੋਈ ਵੀ ਸਬੰਧ ਨਹੀ ਹੈ।ਅਤੇ ਆਉਣ ਵਾਲੇ ਸਮੇਂ ਵਿੱਚ ਇਹ ਅਖਬਾਰ ਇਸੇ ਪਾਲਿਸੀ ਨੂੰ ਸਮਰਪਿਤ ਰਹੇਗਾ।
ਉਹ ਖੁੱਦ ਪੰਜਾਬੀ ਹਨ ਅਤੇ ਪੰਜਾਬ ਵਿੱਚ ਜੰਮੇ-ਪਲੇ ਹਨ ਪੰਜਾਬ ਅਤੇ ਪੰਜਾਬੀ ਉਨਾਂ ਦੇ ਰਗ ਰਗ ਵਿੱਚ ਵਸੀ ਹੋਈ ਹੈ। ਉਹਨਾਂ ਇਹ ਵੀ ਭਰੋਸਾ ਦਵਾਇਆ ਕਿ ਜੋ ਗਰੁੱਪ ਵਿੱਚ 1000 ਹਿੰਦੂ ਬੰਦਿਆ ਦੀ ਰੈਲੀ ਦਾ ਸੱਦਾ ਦਿੱਤਾ ਸੀ ਉਹ ਸਿੱਖਾ ਦੇ ਬਿਲਕੁੱਲ ਵੀ ਖਿਲਾਫ ਨਹੀਂ ਹੈ, ਸਗੋਂ ਜੋ ਲੋਕ ਭਾਰਤ ਨੂੰ ਆਪਣਾ ਦੇਸ਼ ਮੰਨਦੇ ਹਨ ਉਨਾਂ ਲਈ ਅਤੇ ਭਾਰਤ ਦੇਸ਼ ਨੂੰ ਸਮਰਪਿਤ ਹੈ। ਉਨਾਂ ਕਿਹਾ ਕਿ ਉਹ ਕੀਵੀ ਇੰਡੀਅਨ ਹਨ, ਉਨਾਂ ਦੀ ਕਰਮ ਭੂਮੀ ਚਾਹੇ ਨਿਊਜੀਲੈਂਡ ਹੈ ਅਤੇ ਪਰ ਉਨਾਂ ਦੀ ਜਨਮ ਭੂਮੀ ਭਾਰਤ ਦੇਸ਼ ਹੈ। ਉਹ ਜਿੱਥੇ ਨਿਊਜੀਲੈਂਡ ਨੂੰ ਪਿਆਰ ਕਰਦੇ ਹਨ ਉੱਥੇ ਉਨਾਂ ਹੀ ਪਿਆਰ ਉਹ ਭਾਰਤ ਦੇਸ਼ ਨੂੰ ਵੀ ਕਰਦੇ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਵੀ ਦੇਸ਼ ਦੇ ਝੰਡੇ ਦਾ ਨਿਰਾਦਰ ਨਹੀਂ ਹੋਣਾ ਚਾਹੀਦਾ। ਉਹ ਜਿੱਥੇ ਨਿਊਜੀਲੈਂਡ ਦੇ ਝੰਡੇ ਦਾ ਸਤਿਕਾਰ ਕਰਦੇ ਹਨ ਉੱਥੇ ਉਹ ਭਾਰਤ ਦੇ ਝੰਡੇ ਨੂੰ ਵੀ ਉਨਾਂ ਹੀ ਸਤਿਕਾਰ ਦਿੰਦੇ ਹਨ।
ਸ਼੍ਰੀ ਨਰਿੰਦਰ ਸਿੰਗਲਾ ਵੱਲੋਂ ਕਦੇ ਵੀ ਸਿੱਖੀ ਜਾਂ ਸਿੱਖੀ ਸਿਧਾਂਤ ਅਤੇ ਗੁਰਦੁਆਰਿਆ ਸਬੰਧੀ ਕੋਈ ਵੀ ਅਪਮਾਨ ਜਨਕ ਸ਼ਬਦ ਨਹੀ ਕਿਹਾ ਗਿਆ, ਸਗੋਂ ਸ੍ਰੀ ਸਿੰਗਲਾ ਤਾਂ ਨਿੱਜੀ ਤੌਰ ਤੇ ਸਿੱਖ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਨਿਮਾਣੇ ਸੇਵਕ ਵਾਂਗ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹਨ। ਸਿੱਖ ਭਾਈਚਾਰੇ ਵੱਲੋਂ ਗੁਰੂ ਘਰਾਂ ‘ਚ ਧਾਰਮਿਕ ਸਮਾਂਗਮਾਂ ਦੌਰਾਨ ਸ੍ਰੀ ਸਿੰਗਲਾ ਵੱਧ-ਚੜ੍ਹ ਕੇ ਸ਼ਾਮਿਲ ਹੁੰਦੇ ਹਨ। ਉਹ ਜਿੱਥੇ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ ਉੱਥੇ ਉਹ ਸਾਂਝੀਵਾਲਤਾ,ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਗੂੜਾ ਕਰਨ ਲਈ ਹਰ ਵੇਲੇ ਤਤਪਰ ਰਹਿੰਦੇ ਹਨ।
ਇਸ ਮੌਕੇ ਹਾਜਰ ਮੈਂਬਰਾ ਨੇ ਇਸ ਗੱਲ ਉੱਤੇ ਜੋਰ ਦਿੱਤਾ ਕਿ ਸਾਨੂੰ ਆਪਸੀ ਭਾਈਚਾਰਾ ਬਣਾਕੇ ਰੱਖਣਾ ਚਾਹੀਦਾ ਹੈ,ਅਤੇ ਹਿੰਦੂ ਸਿੱਖ ਭਾਈਚਾਰਕ ਸਾਂਝ ਤੋੜਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆ ਨੂੰ ਬਾਜ ਆਉਣਾ ਚਾਹੀਦਾ ਹੈ ਅਤੇ ਇਸ ਤਰਾਂ ਦੀਆਂ ਗਲਤ ਚਾਲਾਂ ਨਾਲ ਆਪਸੀ ਭਾਈਚਾਰਿਆ ਦੇ ਦਿਲਾਂ ਵਿੱਚ ਕੁੜਤਣ ਪੈਦਾ ਹੁੰਦੀ ਹੈ ਜਿਸ ਦਾ ਖਮਿਆਜਾ ਸਭ ਭਾਈਚਾਰਿਆ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਭੁਗਤਣਾ ਪੈਂਦਾ ਹੈ। ਜੋ ਅਨਸਰ ਸਾਡੀਆਂ ਪੁਰਾਣੀਆਂ ਸਾਂਝਾ ਨੂੰ ਤੋੜਨ ਦੀਆਂ ਕੋਝੀਆ ਹਰਕਰਾਂ ਕਰ ਰਹੇ ਹਨ ਉਹ ਇਨਸਾਨੀਅਤ ਤੌਰ ‘ਤੇ ਗਲਤ ਹੈ,ਅਸੀਂ ਹਮੇਸ਼ਾ ਹਿੰਦੂ ਸਿੱਖ ਭਾਈਚਾਰੇ ਦੀ ਏਕੇ ਦੀ ਹਾਮੀ ਭਰਦੇ ਆਏ ਹਾਂ ਅਤੇ ਆਉਣ ਵਾਲੇ ਸਮੇ ਵਿੱਚ ਵੀ ਇਸ ਏਕੇ ਨੂੰ ਅੱਗੇ ਵਧਾਉਣ ਦਾ ਯਤਨ ਕਰਦੇ ਰਹਾਂਗੇ।ਉਨਾਂ ਉਚੇਚੇ ਤੌਰ ‘ਤੇ ਕਿਹਾ ਸਾਡੇ ਆਪਸੀ ਭਾਈਚਾਰਕ ਸਬੰਧ ਬਹੁਤ ਪੁਰਾਣੇ ਹਨ ਅਤੇ ਅਸੀਂ ਇਨਾਂ ਨੂੰ ਮੁੱਢ ਕਦੀਮ ਤੋਂ ਜਾਣਦੇ ਹਾਂ।
ਆਖਿਰ ਵਿੱਚ ਆਪਸੀ ਪਿਆਰ,ਭਾਈਚਾਰਕ ਸਾਂਝ ਦੀ ਗੱਲ ਕਰਦੀ ਇਹ ਅਚਾਨਕ ਵਾਪਰੀ ਮੁਲਾਕਾਤ ਅਤਿ ਸਵਾਦਲੇ ਭੋਜਨ ਅਤੇ ਗਲਵੱਕੜੀਆਂ ਨਾਲ ਨੇਪਰੇ ਚੜ੍ਹੀ।
Related posts
- Comments
- Facebook comments