ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫੋਰਡ ਵੱਲੋਂ ਦਿੱਤੇ ਕੁੱਝ ਸੰਕੇਤਾਂ ਤੋਂ ਉਨਾਂ ਲੋਕਾਂ ਨੂੰ ਕੁੱਝ ਰਾਹਤ ਮਿਲੀ ਹੈ ਜਿਹੜੇ ਪ੍ਰਵਾਸੀ ਆਪਣੇ ਮਾਪਿਆ ਨੂੰ ਆਪਣੇ ਕੋਲ ਸੱਦਣਾ ਚਾਹੁੰਦੇ ਹਨ। ਪੇਰੈਂਟਸ ਬੂਸਟ ਵੀਜ਼ਾ ਪਾਲਿਸੀ ਨੂੰ ਲੈ ਕੇ ਤਾਜ਼ਾ ਖਬਰਾਂ ਇਹੀ ਹਨ ਕਿ ਸਰਕਾਰ ਇਸ ਪਾਲਿਸੀ ਦਾ ਪਹਿਲਾ ਡਰਾਫਟ ਤਿਆਰ ਕਰ ਚੁੱਕੀ ਹੈ ਅਤੇ ਬਹੁਤ ਜਲਦ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ। ਕਿਆਸ ਆਰਾਈਆਂ ਲਗਾਈਆਂ ਜਾ ਰਹੀਆਂ ਹਨ , ਇਸ ਵੀਜ਼ਾ ਲਈ ਅਰਜ਼ੀਆਂ 30 ਨਵੰਬਰ 2025 ਤੋਂ ਸ਼ੁਰੂ ਹੋ ਸਕਦੀਆਂ ਹਨ।ਇਸ ਸਬੰਧੀ ਮੰਤਰੀ ਐਰਿਕਾ ਸਟੈਨਫੋਰਡ ਵੱਲੋਂ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਖਾਤਿਆਂ ‘ਤੇ ਵੀ ਇੱਕ ਵੀਡੀਓ ਪਾਈ ਗਈ ਹੈ।
ਜਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਇਸ ਪਾਲਿਸੀ ਨੂੰ ਲੈ ਕੇ ਸਰਕਾਰ ਬੈਕਫੁਟ ‘ਤੇ ਨਜਰ ਆ ਰਹੀ ਸੀ,ਕਿਉਂਕਿ ਕਮਿਊਨਿਟੀ, ਮੀਡੀਆ ਅਤੇ ਵਿਰੋਧੀ ਐਮ.ਪੀ. ਦੁਆਰਾ ਵਾਰ-ਵਾਰ ਇਸ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ,ਸਰਕਾਰ ਨੂੰ ਸਵਾਲ ਕੀਤੇ ਜਾ ਰਹੇ ਸਨ।
ਜੇਕਰ ਨੈਸ਼ਨਲ ਪਾਰਟੀ ਇਸ ਨੂੰ ਲਾਗੂ ਕਰ ਦਿੰਦੀ ਹੈ ਤਾਂ ਆਮ ਚੋਣਾਂ ਵਿੱਚ ਉਸਨੂੰ ਇਸ ਦਾ ਵੱਡਾ ਲਾਹਾ ਮਿਲ ਸਕਦਾ ਹੈ।ਕਿਉਂਕਿ ਇਸ ਪਾਲਿਸੀ ਦਾ ਵੱਡਾ ਲਾਭ ਵੱਖ-ਵੱਖ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੂੰ ਹੋਣਾ ਹੈ। ਹਾਲਾਂਕਿ ਇਸ ਨੂੰ ਲਾਗੂ ਕਰਨ ਲਈ ਉਸਨੂੰ ਆਪਣੇ ਸਹਿਯੋਗੀ ਦਲਾਂ ਨਾਲ ਸਲਾਹ-ਮਸ਼ਵਰਾ ਕਰਨਾ ਪਵੇਗਾ।
ਨੈਸ਼ਨਲ ਪਾਰਟੀ ਦਾ ਪੇਰੈਂਟਸ ਵੀ ਪਾਲਿਸੀ ਤੇ ਵਿਵਾਦਪੂਰਨ ਰਵੱਈਆ ਰਿਹਾ ਹੈ। 2014-2015 ਵਿੱਚ, ਸਰਕਾਰ ਨੇ ਇਸ ਪਾਲਿਸੀ ਨੂੰ ਰੱਦ ਕਰ ਦਿੱਤਾ ਸੀ, ਜਿਸ ਨਾਲ ਕਈ ਪ੍ਰਵਾਸੀ ਪਰਿਵਾਰਾਂ ਨੂੰ ਇਸ ਦਾ ਸਿੱਧਾ ਨੁਕਸਾਨ ਝੱਲਣਾ ਪਿਆ ਸੀ। ਹਜਾਰਾਂ ਪਰਵਾਸੀਆਂ ਨੇ ਇਸ ਪਾਲਿਸੀ ਕਰਕੇ ਨਿਊਜੀਲੈਂਡ ਨੂੰ ਅਲਵਿਦਾ ਕਹਿਕੇ ਆਸਟਰੇਲੀਆ ਵੱਲ ਉਡਾਰੀ ਮਾਰੀ ਸੀ।ਕਿਉਂਕਿ ਇਸ ਪਾਲਿਸੀ ਦੇ ਰੱਦ ਹੋਣ ਨਾਲ ਆਪਣੇ ਮਾਪਿਆਂ ਨੂੰ ਨਿਊਜੀਲੈਂਡ ਬੁਲਾਉਣ ਲਈ ਕੋਈ ਹੋਰ ਰਸਤਾ ਨਹੀਂ ਬਚਿਆ ਸੀ।30 ਨਵੰਬਰ 2025 ਇਸ ਪਾਲਿਸੀ ਬਾਰੇ ਇੱਕ ਡੈੱਡ ਲਾਈਨ ਹੈ,ਜਿਸ ਕਾਰਨ ਹੁਣ ਕੁੱਝ ਮਹੀਨਿਆ ਦਾ ਸਮਾਂ ਬਾਕੀ ਹੈ,ਸਭ ਦੀਆਂ ਨਜਰਾਂ ਸਰਕਾਰ ‘ਤੇ ਟਿਕੀਆਂ ਹਨ। ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ,ਫਿਲਹਾਲ ਇਹ ਕਿਹਾ ਜਾ ਸਕਦਾ ਹੈ ਕਿ ਮੰਤਰੀ ਐਰਿਕਾ ਸਟੈਨਫੋਰਡ ਵੱਲੋਂ ਦਿੱਤੇ ਸਕਾਰਤਮਕ ਸੰਕੇਤਾਂ ਕਾਰਨ ਪਰਵਾਸੀਆਂ ਨੂੰ ਇੱਕ ਉਮੀਦ ਦੀ ਕਿਰਨ ਜਰੂਰ ਨਜਰ ਆਈ ਹੈ।
Related posts
- Comments
- Facebook comments