ਕੇਂਦਰ ਨੇ ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦੇ ਹਥਿਆਰਬੰਦ ਸੁਰੱਖਿਆ ਘੇਰੇ ਨੂੰ ਸਮੀਖਿਆ ਤੋਂ ਬਾਅਦ ਜ਼ੈੱਡ ਸ਼੍ਰੇਣੀ ਤੱਕ ਘਟਾ ਦਿੱਤਾ ਹੈੇ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਅਧਿਕਾਰਤ ਸੂਤਰਾਂ ਨੇ ਦਿੱਤੀ ਹੈ।
ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਹੋਣ ਕਾਰਨ ਉਨ੍ਹਾਂ ਨੂੰ ਚੋਟੀ ਦੀ ਜ਼ੈੱਡ-ਪਲੱਸ ਸ਼੍ਰੇਣੀ ਦੀ ਕੇਂਦਰੀ ਸੁਰੱਖਿਆ ਤਹਿਤ ਰੱਖਿਆ ਗਿਆ ਸੀ। ਗ਼ੌਰਤਲਬ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਬੀਤੀ 26 ਦਸੰਬਰ ਨੂੰ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।
ਸੂਤਰਾਂ ਨੇ ਕਿਹਾ ਕਿ ਕੇਂਦਰੀ ਖੁਫੀਆ ਏਜੰਸੀਆਂ ਦੁਆਰਾ ਗੁਰਸ਼ਰਨ ਕੌਰ ਦੀ ਸੁਰੱਖਿਆ ਦੀ ਤਾਜ਼ਾ ਸਮੀਖਿਆ ਕਰਨ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਨੂੰ ਘਟਾ ਕੇ ਦੂਜੇ ਪੱਧਰ ਦੀ ਜ਼ੈੱਡ ਸ਼੍ਰੇਣੀ ਸੁਰੱਖਿਆ ਅਧੀਨ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐਫ) ਦੇ ਵੀਆਈਪੀ ਸੁਰੱਖਿਆ ਵਿੰਗ ਨੂੰ ਗੁਰਸ਼ਰਨ ਕੌਰ ਲਈ ਜ਼ੈੱਡ ਸ਼੍ਰੇਣੀ ਦੇ ਅਨੁਸਾਰ ਕਰਮਚਾਰੀਆਂ ਦੀ ਗਿਣਤੀ ਅਤੇ ਪ੍ਰੋਟੋਕੋਲ ਨੂੰ ਘਟਾਉਣ ਦੇ ਨਿਰਦੇਸ਼ ਦਿੱਤੇ ਹਨ।
ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਨਿੱਜੀ ਸੁਰੱਖਿਆ ਦੇ ਨਾਲ-ਨਾਲ ਘਰ ਦੀ ਸੁਰੱਖਿਆ ਲਈ ਲਗਭਗ ਇਕ ਦਰਜਨ ਹਥਿਆਰਬੰਦ ਕਮਾਂਡੋਜ਼ ਦੀ ਸੁਰੱਖਿਆ ਹਾਸਲ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਦੇ ਵਰਗੀਕਰਨ ਵਿੱਚ ਬਦਲਾਅ ਕਾਰਨ ਡਾ. ਮਨਮੋਹਨ ਸਿੰਘ ਦੇ ਪਰਿਵਾਰ ਲਈ ਮਨਜ਼ੂਰ ਦਿੱਲੀ ਪੁਲੀਸ ਦੇ ਜਵਾਨਾਂ ਦੀ ਗਿਣਤੀ ਨੂੰ ਵੀ ਘਟਾ ਦਿੱਤਾ ਗਿਆ ਹੈ।
ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀਆਂ ਲਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਐਕਟ ਨੂੰ ਬਦਲਣ ਤੋਂ ਬਾਅਦ ਡਾ. ਮਨਮੋਹਨ ਸਿੰਘ ਨੂੰ 2019 ਵਿੱਚ CRPF ਦੇ ਇੱਕ ਉੱਨਤ ਸੁਰੱਖਿਆ ਸੰਪਰਕ (ASL) ਪ੍ਰੋਟੋਕੋਲ ਦੇ ਨਾਲ ਜ਼ੈੱਡ-ਪਲੱਸ ਕਵਰ ਪ੍ਰਦਾਨ ਕੀਤਾ ਗਿਆ ਸੀ। ਡਾ. ਮਨਮੋਹਨ ਸਿੰਘ 2004 ਤੋਂ 2014 ਦਰਮਿਆਨ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ।