ਈਡੀ ਨੇ ਨੈਸ਼ਨਲ ਹੈਰਾਲਡ ਕੇਸ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਹ ਚਾਰਜਸ਼ੀਟ ਨੈਸ਼ਨਲ ਹੈਰਾਲਡ ਤੇ ਐਸੋਸੀਏਟਿਡ ਜਨਰਲ ਲਿਮਟਿਡ ਏਜੇਐਲ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਦਾਇਰ ਕੀਤੀ ਗਈ ਹੈ। ਇਸ ਸਬੰਧੀ ਰਾਊਜ਼ ਐਵੇਨਿਊ ਕੋਰਟ ਵਿੱਚ 25 ਅਪਰੈਲ ਨੂੰ ਸੁਣਵਾਈ ਹੋਵੇਗੀ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ 9 ਅਪਰੈਲ ਨੂੰ ਦਾਇਰ ਕੀਤੀ ਗਈ ਚਾਰਜਸ਼ੀਟ ਦੀ ਸਮੀਖਿਆ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ 25 ਅਪਰੈਲ ’ਤੇ ਪਾ ਦਿੱਤੀ। ਚਾਰਜਸ਼ੀਟ ਵਿਚ ਕਾਂਗਰਸ ਆਗੂ ਸੈਮ ਪਿਤਰੋਦਾ ਅਤੇ ਸੁਮਨ ਦੂਬੇ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪਹਿਲਾਂ ਸਾਰੇ ਆਗੂਆਂ ਤੋਂ ਕਈ ਵਾਰ ਪੁੱਛ-ਪੜਤਾਲ ਕੀਤੀ ਗਈ ਸੀ ਅਤੇ ਯੰਗ ਇੰਡੀਅਨ ਕੰਪਨੀ, ਨੈਸ਼ਨਲ ਹੈਰਾਲਡ ਦੇ ਕੰਮਕਾਜ, ਏਜੀਐੱਲ ਨੂੰ ਦਿੱਤੇ ਗਏ ਕਰਜ਼ੇ ਅਤੇ ਹੋਰ ਸਵਾਲ ਪੁੱਛੇ ਗਏ ਸਨ।
ਇਸ ਤੋਂ ਦੋ ਦਿਨ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਂਗਰਸ ਵੱਲੋਂ ਚਲਾਏ ਜਾਂਦੇ ਐਸੋਸੀਏਟਿਡ ਜਨਰਲ ਲਿਮਟਿਡ (ਏਜੇਐਲ) ਦੀ 661 ਕਰੋੜ ਰੁਪਏ ਦੀ ਅਚੱਲ ਜਾਇਦਾਦ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਨੋਟਿਸ ਜਾਰੀ ਕੀਤਾ ਸੀ। ਇਸ ਜਨਰਲ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕੀਤੀ ਗਈ ਸੀ। ਸੰਘੀ ਜਾਂਚ ਏਜੰਸੀ ਨੇ ਦਿੱਲੀ ’ਚ ਆਈਟੀਓ ਸਥਿਤ ਹੈਰਾਲਡ ਹਾਊਸ, ਮੁੰਬਈ ਦੇ ਬਾਂਦਰਾ ਇਲਾਕੇ ’ਚ ਸਥਿਤ ਇਮਾਰਤ ਅਤੇ ਲਖਨਊ ਦੇ ਬਿਸ਼ੇਸ਼ਵਰ ਨਾਥ ਰੋਡ ’ਤੇ ਸਥਿਤ ਏਜੇਐੱਲ ਇਮਾਰਤ ’ਤੇ ਨੋਟਿਸ ਚਿਪਕਾਏ ਸਨ। ਨੋਟਿਸਾਂ ਵਿੱਚ ਇਮਾਰਤ ਖਾਲੀ ਕਰਨ ਜਾਂ ਈਡੀ ਨੂੰ ਕਿਰਾਏ (ਮੁੰਬਈ ਸੰਪਤੀ ਦੇ ਮਾਮਲੇ ਵਿੱਚ) ਟਰਾਂਸਫਰ ਕਰਨ ਦੀ ਮੰਗ ਕੀਤੀ ਗਈ ਸੀ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀ ਧਾਰਾ (8) ਅਤੇ ਨਿਯਮ 5(1) ਦੇ ਤਹਿਤ ਕੀਤੀ ਗਈ। ਇਹ ਅਚੱਲ ਜਾਇਦਾਦ ਈਡੀ ਨੇ ਨਵੰਬਰ 2023 ਵਿੱਚ ਕੁਰਕ ਕੀਤੀ ਸੀ। ਮਨੀ ਲਾਂਡਰਿੰਗ ਦਾ ਇਹ ਮਾਮਲਾ ਏਜੇਐਲ ਅਤੇ ਯੰਗ ਇੰਡੀਅਨ ਖਿਲਾਫ ਹੈ। ਜ਼ਿਕਰਯੋਗ ਹੈ ਕਿ ਏਜੇਐਲ ਹੀ ਨੈਸ਼ਨਲ ਹੈਰਾਲਡ ਨੂੰ ਪ੍ਰਕਾਸ਼ਿਤ ਕਰਦੀ ਹੈ ਤੇ ਇਸ ਦੀ ਮਾਲਕੀ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਕੋਲ ਹੈ। ਕਾਂਗਰਸ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਯੰਗ ਇੰਡੀਅਨ ਵਿਚ ਵੱਡੇ ਸ਼ੇਅਰਧਾਰਕ ਹਨ ਜਿਨ੍ਹਾਂ ਕੋਲ 38-38 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ। ਈਡੀ ਨੇ ਕਿਹਾ ਕਿ ਇਹ ਸੰਪਤੀ ਦਿੱਲੀ, ਮੁੰਬਈ ਤੇ ਲਖਨਊ ਸਮੇਤ ਕਈ ਸ਼ਹਿਰਾਂ ਵਿਚ ਹੈ।