ਨਿਊਜ਼ੀਲੈਂਡ ਦੇ ਦੋ ਸੰਸਦ ਮੈਂਬਰਾਂ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ
ਦਿੱਲੀ ਦੌਰੇ ਨੂੰ ਸਿੱਖ ਧਾਰਮਿਕ ਅਨੁਭਵ ਨਾਲ ਬਣਾਇਆ ਯਾਦਗਾਰ
ਨਵੀਂ ਦਿੱਲੀ:
ਸੰਯੁਕਤ ਰਾਸ਼ਟਰ (UNO) ਦੇ ਡੈਲਿਗੇਟ ਵਜੋਂ ਭਾਰਤ ਦੌਰੇ ‘ਤੇ ਆਏ ਨਿਊਜ਼ੀਲੈਂਡ ਦੇ ਦੋ ਸੰਸਦ ਮੈਂਬਰਾਂ ਨੇ ਆਪਣੀ ਵਾਪਸੀ ਤੋਂ ਪਹਿਲਾਂ ਦਿੱਲੀ ਵਿੱਚ ਕੁਝ ਸਮਾਂ ਬਿਤਾਉਂਦੇ ਹੋਏ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਸੀਸ ਪ੍ਰਾਪਤ ਕੀਤੀ।
ਇਹ ਦੋਵੇਂ ਸੰਸਦ ਮੈਂਬਰ—ਨੈਸ਼ਨਲ ਪਾਰਟੀ ਤੋਂ ਗਰਿਗ ਫਲਿੰਮਗ ਅਤੇ ਲੇਬਰ ਪਾਰਟੀ ਤੋਂ ਵਿਬ ਡਨਕਿਨ—ਵਾਪਸੀ ਦੌਰਾਨ ਦਿੱਲੀ ਵਿੱਚ ਲਗਭਗ ਛੇ ਘੰਟਿਆਂ ਲਈ ਠਹਿਰੇ ਹੋਏ ਸਨ। ਇਸ ਮੌਕੇ ਦੌਰਾਨ ਉਹਨਾਂ ਨੇ ਸਿੱਖ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਦੀ ਇੱਛਾ ਜਤਾਈ।
ਦੱਸਿਆ ਜਾਂਦਾ ਹੈ ਕਿ ਏਅਰਪੋਰਟ ‘ਤੇ ਠਹਿਰਾਵ ਦੌਰਾਨ ਦੋਵੇਂ ਆਗੂਆਂ ਨੇ ਭਾਈ ਦਲਜੀਤ ਸਿੰਘ ਨਾਲ ਫੋਨ ਰਾਹੀਂ ਸੰਪਰਕ ਕੀਤਾ, ਜਿਸ ਉਪਰਾਂਤ ਉਨ੍ਹਾਂ ਲਈ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨਾਂ ਸਮੇਤ ਹੋਰ ਸਥਾਨਾਂ ਦੀ ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਗੁਰਦੁਆਰਾ ਸਾਹਿਬ ਪਹੁੰਚਣ ‘ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਵੇਂ ਸੰਸਦ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸੰਸਦ ਮੈਂਬਰਾਂ ਨੇ ਕਿਹਾ ਕਿ ਭਾਰਤ ਦੌਰੇ ਦੌਰਾਨ ਉਨ੍ਹਾਂ ਲਈ ਸਭ ਤੋਂ ਵਿਸ਼ੇਸ਼ ਅਤੇ ਯਾਦਗਾਰ ਅਨੁਭਵ ਸਿੱਖ ਧਰਮ ਨਾਲ ਜੁੜੇ ਪਵਿੱਤਰ ਸਥਾਨਾਂ ਦੇ ਦਰਸ਼ਨ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸ਼ਾਂਤੀ ਅਤੇ ਆਤਮਿਕ ਤਸੱਲੀ ਪ੍ਰਦਾਨ ਕੀਤੀ।
ਦਿੱਲੀ ਦੌਰੇ ਦੌਰਾਨ ਦੋਵੇਂ ਮਹਿਮਾਨਾਂ ਨੇ ਬਿਰਲਾ ਮੰਦਰ ਅਤੇ ਸਫ਼ਦਰਜੰਗ ਟੂਮਬ ਦਾ ਵੀ ਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਦੋਵੇਂ ਸੰਸਦ ਮੈਂਬਰ ਰਾਤ ਨੂੰ ਨਿਊਜ਼ੀਲੈਂਡ ਵਾਪਸ ਰਵਾਨਾ ਹੋ ਜਾਣਗੇ। ਭਵਿੱਖ ਵਿੱਚ ਉਹ ਟਾਕਾਨੀਨੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਆਪਣੇ ਭਾਰਤ ਦੌਰੇ ਦੇ ਤਜਰਬੇ ਸਾਂਝੇ ਕਰਨਗੇ।
