ਆਕਲੈਂਡ: (ਐੱਨ ਜੈੱਡ ਤਸਵੀਰ) ਦੱਖਣੀ ਆਕਲੈਂਡ ਦੇ ਮੈਨੂਰੇਵਾ ਇਲਾਕੇ ਵਿੱਚ ਐਤਵਾਰ ਨੂੰ ਸਿੱਖ ਭਾਈਚਾਰੇ ਵੱਲੋਂ ਕੱਢੇ ਗਏ ਨਗਰ ਕੀਰਤਨ ਦੌਰਾਨ ਉਸ ਵੇਲੇ ਤਣਾਅ ਪੈਦਾ ਹੋ ਗਿਆ ਜਦੋਂ ਬ੍ਰਾਇਨ ਤਾਮਾਕੀ ਨਾਲ ਜੁੜੇ ਦੱਸੇ ਜਾ ਰਹੇ ਇੱਕ ਸਮੂਹ ਨੇ ਪਰੇਡ ਨੂੰ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਗ੍ਰੇਟ ਸਾਊਥ ਰੋਡ ‘ਤੇ ਵਾਪਰੀ, ਜਿੱਥੇ ਪੁਲਿਸ ਨੇ ਤੇਜ਼ੀ ਨਾਲ ਦਖ਼ਲ ਦਿੰਦਿਆਂ ਸਥਿਤੀ ‘ਤੇ ਕਾਬੂ ਪਾ ਲਿਆ।
ਪੁਲਿਸ ਮੁਤਾਬਕ, ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਦੋਹਾਂ ਧਿਰਾਂ ਨੂੰ ਵੱਖ ਕੀਤਾ, ਸੰਬੰਧਤ ਲੋਕਾਂ ਨੂੰ ਚੇਤਾਵਨੀ ਦਿੱਤੀ ਅਤੇ ਨਗਰ ਕੀਰਤਨ ਨੂੰ ਕਾਨੂੰਨੀ ਅਤੇ ਸੁਰੱਖਿਅਤ ਢੰਗ ਨਾਲ ਜਾਰੀ ਰੱਖਣ ਨੂੰ ਯਕੀਨੀ ਬਣਾਇਆ। ਇਲਾਕੇ ਵਿੱਚ ਵਾਧੂ ਪੈਟਰੋਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਤਾਂ ਜੋ ਭਰੋਸਾ ਅਤੇ ਕਾਨੂੰਨ-ਵਿਵਸਥਾ ਕਾਇਮ ਰਹੇ।
ਰਿਪੋਰਟਾਂ ਅਨੁਸਾਰ, ਲਗਭਗ 40 ਤੋਂ 50 ਲੋਕਾਂ ‘ਤੇ ਮਿਸ਼ਤਮਿਲ ਇਹ ਸਮੂਹ ਆਪਣੇ ਆਪ ਨੂੰ “ਟ੍ਰੂ ਪੈਟਰੀਅਟਸ ਆਫ਼ ਨਿਊਜ਼ੀਲੈਂਡ” ਕਹਿੰਦਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ “ਕੀਵੀ ਪਹਿਲਾਂ” ਅਤੇ “ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਹੀ ਰੱਖੋ” ਵਰਗੇ ਨਾਰੇ ਲਗਾਏ ਗਏ, ਜਦਕਿ ਕੁਝ ਮੈਂਬਰਾਂ ਨੇ ਹਾਕਾ ਕੀਤਾ ਅਤੇ ਮਸੀਹੀ ਧਾਰਮਿਕ ਨਾਅਰੇ ਵੀ ਲਗਾਏ।
ਸਿੱਖ ਭਾਈਚਾਰੇ ਵੱਲੋਂ ਕੱਢਿਆ ਗਿਆ ਨਗਰ ਕੀਰਤਨ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਦੱਸਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰ, ਬਜ਼ੁਰਗ ਅਤੇ ਬੱਚੇ ਸ਼ਾਮਲ ਸਨ। ਪੁਲਿਸ ਦੀ ਮੌਜੂਦਗੀ ਅਤੇ ਤੁਰੰਤ ਦਖ਼ਲ ਕਾਰਨ ਕੋਈ ਵੱਡੀ ਝੜਪ ਨਹੀਂ ਹੋਈ ਅਤੇ ਸਮਾਗਮ ਬਿਨਾਂ ਕਿਸੇ ਨੁਕਸਾਨ ਦੇ ਸੰਪੰਨ ਹੋ ਗਿਆ।
ਨਿਊਜ਼ੀਲੈਂਡ ਪੁਲਿਸ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ, ਬੋਲਣ ਦੀ ਆਜ਼ਾਦੀ ਅਤੇ ਧਾਰਮਿਕ ਆਜ਼ਾਦੀ ਦੀ ਪੂਰੀ ਕਦਰ ਕਰਦੀ ਹੈ, ਪਰ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਜਾਂ ਕਾਨੂੰਨੀ ਤੌਰ ‘ਤੇ ਆਪਣੇ ਅਧਿਕਾਰ ਵਰਤ ਰਹੇ ਲੋਕਾਂ ਨੂੰ ਡਰਾਉਣ ਵਾਲੇ ਕਿਸੇ ਵੀ ਵਿਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਨੇ ਇਹ ਵੀ ਦੱਸਿਆ ਕਿ ਘਟਨਾ ਨਾਲ ਸੰਬੰਧਿਤ ਆਨਲਾਈਨ ਗਤੀਵਿਧੀਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਮਨੁੱਖੀ ਅਧਿਕਾਰ ਕਾਨੂੰਨ ਅਧੀਨ ਉਕਸਾਹਟ ਸਮੇਤ ਕਾਨੂੰਨ ਦੀ ਕਿਸੇ ਵੀ ਉਲੰਘਣਾ ‘ਤੇ ਯੋਗ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ‘ਤੇ ਬ੍ਰਾਇਨ ਤਾਮਾਕੀ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਇਹ ਪ੍ਰਦਰਸ਼ਨ “ਦੇਸ਼ ਦੀ ਪਛਾਣ ਅਤੇ ਵਿਸ਼ਵਾਸਾਂ ਦੀ ਰੱਖਿਆ” ਲਈ ਕੀਤਾ ਗਿਆ ਸੀ। ਇਸ ਦੇ ਨਾਲ ਹੀ, ਘਟਨਾ ਤੋਂ ਬਾਅਦ ਕਈ ਸਮੁਦਾਇਕ ਆਗੂਆਂ ਅਤੇ ਸੰਗਠਨਾਂ ਵੱਲੋਂ ਧਾਰਮਿਕ ਸਹਿਣਸ਼ੀਲਤਾ, ਆਪਸੀ ਆਦਰ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
ਇਹ ਘਟਨਾ ਨਿਊਜ਼ੀਲੈਂਡ ਦੇ ਬਹੁ-ਸੰਸਕ੍ਰਿਤਕ ਸਮਾਜ ਵਿੱਚ ਆਪਸੀ ਸਹਿਣਸ਼ੀਲਤਾ ਅਤੇ ਸਾਂਝੀ ਜੀਵਨ-ਸ਼ੈਲੀ ਦੀ ਮਹੱਤਤਾ ਵੱਲ ਮੁੜ ਧਿਆਨ ਖਿੱਚਦੀ ਹੈ।
