ਵੈਲਿੰਗਟਨ(ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਮੁਕਤ ਵਪਾਰ ਸਮਝੌਤਾ (FTA) ਆਖ਼ਰਕਾਰ ਪੱਕਾ ਹੋ ਗਿਆ ਹੈ। ਨਿਊਜ਼ੀਲੈਂਡ ਸਰਕਾਰ ਨੇ ਅਧਿਕਾਰਿਕ ਤੌਰ ‘ਤੇ ਇਸ ਸਮਝੌਤੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਇਹ ਸਮਝੌਤਾ ਅਗਲੇ ਸਾਲ ਦਸਤਖ਼ਤ ਹੋਣ ਤੋਂ ਬਾਅਦ ਲਾਗੂ ਕੀਤਾ ਜਾਵੇਗਾ। ਸਰਕਾਰ ਦੇ ਮਤਾਬਕ, ਇਹ ਡੀਲ ਨਿਊਜ਼ੀਲੈਂਡ ਦੀ ਅਰਥਵਿਵਸਥਾ ਅਤੇ ਨਿਰਯਾਤ ਖੇਤਰ ਲਈ ਵੱਡਾ ਮੋੜ ਸਾਬਤ ਹੋਵੇਗੀ।
ਸਮਝੌਤੇ ਅਨੁਸਾਰ ਭਾਰਤ ਵੱਲੋਂ ਨਿਊਜ਼ੀਲੈਂਡ ਦੇ ਲਗਭਗ 95 ਫ਼ੀਸਦੀ ਨਿਰਯਾਤ ਉਤਪਾਦਾਂ ‘ਤੇ ਸ਼ੁਲਕ ਘਟਾਏ ਜਾਂ ਖ਼ਤਮ ਕਰ ਦਿੱਤੇ ਜਾਣਗੇ। ਇਸ ਵਿੱਚੋਂ ਕਰੀਬ 57 ਫ਼ੀਸਦੀ ਉਤਪਾਦ ਪਹਿਲੇ ਦਿਨ ਤੋਂ ਹੀ ਸ਼ੁਲਕ-ਮੁਕਤ ਹੋ ਜਾਣਗੇ, ਜਦਕਿ ਬਾਕੀ ਉਤਪਾਦਾਂ ‘ਤੇ ਵੀ ਸਮੇਂ ਦੇ ਨਾਲ ਸ਼ੁਲਕਾਂ ਵਿੱਚ ਵੱਡੀ ਕਮੀ ਕੀਤੀ ਜਾਵੇਗੀ।
ਇਸ ਸਮਝੌਤੇ ਨਾਲ ਕੀਵੀਫਰੂਟ, ਸੇਬ, ਮੀਟ, ਉਨ, ਕਾਠ, ਮਾਨੂਕਾ ਸ਼ਹਿਦ ਅਤੇ ਉਦਯੋਗਿਕ ਉਤਪਾਦਾਂ ਨੂੰ ਭਾਰਤੀ ਮਾਰਕੀਟ ਵਿੱਚ ਬਿਹਤਰ ਪਹੁੰਚ ਮਿਲੇਗੀ। ਭਾਰਤ ਦੀ ਤੇਜ਼ੀ ਨਾਲ ਵਧ ਰਹੀ ਮੱਧ ਵਰਗ ਅਬਾਦੀ ਨੂੰ ਨਿਊਜ਼ੀਲੈਂਡ ਲਈ ਵੱਡੀ ਸੰਭਾਵਨਾ ਵਾਲੀ ਮਾਰਕੀਟ ਵਜੋਂ ਵੇਖਿਆ ਜਾ ਰਿਹਾ ਹੈ।
ਡੈਅਰੀ ਖੇਤਰ, ਜੋ ਹਮੇਸ਼ਾਂ ਸੰਵੇਦਨਸ਼ੀਲ ਮੰਨਿਆ ਜਾਂਦਾ ਰਿਹਾ ਹੈ, ਲਈ ਵੀ ਸਮਝੌਤੇ ਵਿੱਚ ਸੀਮਿਤ ਪਰ ਮਹੱਤਵਪੂਰਨ ਲਾਭ ਸ਼ਾਮਲ ਕੀਤੇ ਗਏ ਹਨ। ਕੁਝ ਖਾਸ ਡੈਅਰੀ ਉਤਪਾਦਾਂ ਨੂੰ ਸ਼ੁਲਕ-ਮੁਕਤ ਪਹੁੰਚ ਮਿਲੇਗੀ ਅਤੇ ਕੁਝ ਉਤਪਾਦਾਂ ‘ਤੇ ਟੈਰਿਫ਼ ਘਟਾਏ ਜਾਣਗੇ।
ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟਾਡ ਮੈਕਲੇ ਨੇ ਕਿਹਾ ਕਿ ਇਹ ਸਮਝੌਤਾ ਦੇਸ਼ ਦੇ ਨਿਰਯਾਤਕਾਰਾਂ ਨੂੰ ਮੁਕਾਬਲੇ ਵਿੱਚ ਅੱਗੇ ਲੈ ਕੇ ਜਾਵੇਗਾ ਅਤੇ ਭਾਰਤ ਵਰਗੀ ਵੱਡੀ ਅਰਥਵਿਵਸਥਾ ਨਾਲ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਡੀਲ ਨਿਊਜ਼ੀਲੈਂਡ ਦੀ ਅਰਥਵਿਵਸਥਾ ਨੂੰ ਲੰਬੇ ਸਮੇਂ ਦੇ ਫ਼ਾਇਦੇ ਦੇਵੇਗੀ।
ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਇਸ ਸਮਝੌਤੇ ਨੂੰ “ਉੱਚ ਗੁਣਵੱਤਾ ਵਾਲਾ ਅਤੇ ਭਵਿੱਖਮੁਖੀ” ਦੱਸਦਿਆਂ ਕਿਹਾ ਕਿ ਇਸ ਨਾਲ ਨਿਰਯਾਤ, ਰੋਜ਼ਗਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਪੈਦਾ ਹੋਣਗੇ।
ਸਮਝੌਤੇ ਦਾ ਇੱਕ ਹੋਰ ਮਹੱਤਵਪੂਰਨ ਪੱਖ ਕੁਸ਼ਲ ਕਰਮਚਾਰੀਆਂ ਲਈ ਅਸਥਾਈ ਵੀਜ਼ਾ ਪ੍ਰਬੰਧ ਹੈ, ਜਿਸ ਤਹਿਤ ਹਰ ਸਾਲ ਕਰੀਬ 1,667 ਵਰਕ ਵੀਜ਼ੇ ਜਾਰੀ ਕੀਤੇ ਜਾਣਗੇ। ਇਹ ਵੀਜ਼ੇ ਸਿਹਤ, ਸਿੱਖਿਆ, ਆਈਟੀ ਅਤੇ ਇੰਜੀਨੀਅਰਿੰਗ ਖੇਤਰਾਂ ਨਾਲ ਜੁੜੇ ਪੇਸ਼ੇਵਰਾਂ ਲਈ ਹੋਣਗੇ।
ਮਾਹਿਰਾਂ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ–ਭਾਰਤ ਮੁਕਤ ਵਪਾਰ ਸਮਝੌਤਾ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਸਾਂਝ ਨੂੰ ਨਵੀਂ ਦਿਸ਼ਾ ਦੇਵੇਗਾ ਅਤੇ ਦੋਹਾਂ ਪਾਸਿਆਂ ਲਈ ਲੰਬੇ ਸਮੇਂ ਦੇ ਲਾਭ ਲਿਆਵੇਗਾ।
Related posts
- Comments
- Facebook comments
