ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਕੋਰੋਮਾਂਡਲ ਖੇਤਰ ਦੇ ਪਾਉਆਨੁਈ ਇਲਾਕੇ ਵਿੱਚ ਬੁੱਧਵਾਰ ਸਵੇਰੇ ਇੱਕ ਛੋਟਾ ਜਹਾਜ਼ ਰਿਹਾਇਸ਼ੀ ਘਰ ਵਿੱਚ ਡਿੱਗਣ ਨਾਲ ਹਲਚਲ ਮਚ ਗਈ। ਇਹ ਹਾਦਸਾ ਸਵੇਰੇ ਲਗਭਗ 9:10 ਵਜੇ ਪਾਉਆਨੁਈ ਏਅਰਫੀਲਡ ਦੇ ਨੇੜੇ Harvard Court ’ਤੇ ਵਾਪਰਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜਹਾਜ਼ ਇੱਕ ਖਾਲੀ ਘਰ ਨਾਲ ਟਕਰਾ ਗਿਆ, ਜਿਸ ਕਾਰਨ ਘਰ ਨੂੰ ਭਾਰੀ ਨੁਕਸਾਨ ਪਹੁੰਚਿਆ। ਖੁਸ਼ਕਿਸਮਤੀ ਨਾਲ ਹਾਦਸੇ ਵੇਲੇ ਘਰ ਦੇ ਅੰਦਰ ਕੋਈ ਮੌਜੂਦ ਨਹੀਂ ਸੀ, ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਐਮਰਜੈਂਸੀ ਸੇਵਾਵਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਦੋਹਾਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਇਆ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਥੇਮਜ਼ ਹਸਪਤਾਲ ਭੇਜ ਦਿੱਤਾ ਗਿਆ। ਇੱਕ ਦੀ ਹਾਲਤ ਮੱਧਮ ਜਦਕਿ ਦੂਜੇ ਨੂੰ ਹਲਕੀਆਂ ਚੋਟਾਂ ਆਈਆਂ ਹਨ।
ਚਸ਼ਮਦੀਦਾਂ ਮੁਤਾਬਕ ਟਕਰਾਉਣ ਸਮੇਂ ਤੇਜ਼ ਧਮਾਕੇ ਵਰਗੀ ਆਵਾਜ਼ ਸੁਣੀ ਗਈ। ਜਹਾਜ਼ ਦਾ ਅੱਗਲਾ ਹਿੱਸਾ ਅਤੇ ਪਰੋਪੈਲਰ ਬੁਰੀ ਤਰ੍ਹਾਂ ਨੁਕਸਾਨੀ ਹੋ ਗਏ ਅਤੇ ਘਰ ਦੇ ਲਿਵਿੰਗ ਰੂਮ ਨੂੰ ਭਾਰੀ ਖ਼ਰਾਬੀ ਪਹੁੰਚੀ।
ਸਿਵਲ ਏਵਿਏਸ਼ਨ ਅਥਾਰਿਟੀ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਦਸੇ ਬਾਰੇ ਸਪਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।
Related posts
- Comments
- Facebook comments
