ਆਕਲੈਂਡ ਦੇ ਪਾਪਾਟੋਏਟੋਏ ਸਬਡਿਵੀਜ਼ਨ ਲਈ ਨਵੀਂ ਚੋਣ ਕਰਵਾਉਣ ਵਾਸਤੇ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਅਕਤੂਬਰ 2025 ਵਿੱਚ ਹੋਈ ਸਥਾਨਕ ਚੋਣ ਨੂੰ ਅਦਾਲਤ ਵੱਲੋਂ ਅਵੈਧ (ਰੱਦ) ਕਰਾਰ ਦਿੱਤਾ ਗਿਆ ਸੀ।
ਮਨੁਕਾਉ ਡਿਸਟ੍ਰਿਕਟ ਕੋਰਟ ਦੇ ਜੱਜ ਰਿਚਰਡ ਮੈਕਇਲਰੈਥ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਪਿਛਲੀ ਚੋਣ ਦੌਰਾਨ ਗੈਰ-ਅਧਿਕ੍ਰਿਤ ਵੋਟ ਪੇਪਰਾਂ ਦੀ ਵਰਤੋਂ ਸਮੇਤ ਕਈ ਗੰਭੀਰ ਗੜਬੜਾਂ ਸਾਹਮਣੇ ਆਈਆਂ ਸਨ। ਅਦਾਲਤ ਦੇ ਅਨੁਸਾਰ, ਲਗਭਗ 79 ਅਜਿਹੇ ਵੋਟ ਪੇਪਰ ਵਰਤੇ ਗਏ ਜੋ ਚੋਣੀ ਪ੍ਰਕਿਰਿਆ ਦੇ ਨਿਯਮਾਂ ਅਨੁਸਾਰ ਮਨਜ਼ੂਰਸ਼ੁਦਾ ਨਹੀਂ ਸਨ, ਜਿਸ ਕਾਰਨ ਨਤੀਜਿਆਂ ਨੂੰ ਕਾਇਮ ਨਹੀਂ ਰੱਖਿਆ ਜਾ ਸਕਿਆ।
ਆਕਲੈਂਡ ਕੌਂਸਲ ਨੇ ਦੱਸਿਆ ਹੈ ਕਿ ਨਵੀਂ ਚੋਣ ਲਈ ਚਾਰ ਸੀਟਾਂ ਭਰਨੀਆਂ ਹਨ। ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ 28 ਜਨਵਰੀ 2026 ਤੱਕ ਦਾਖ਼ਲ ਕਰਵਾਈਆਂ ਜਾ ਸਕਦੀਆਂ ਹਨ।
ਚੋਣੀ ਅਧਿਕਾਰੀਆਂ ਮੁਤਾਬਕ, ਨਵੀਂ ਚੋਣ ਮਾਰਚ 2026 ਵਿੱਚ ਕਰਵਾਈ ਜਾਵੇਗੀ, ਜਦਕਿ ਨਤੀਜੇ ਅਪ੍ਰੈਲ 2026 ਵਿੱਚ ਐਲਾਨੇ ਜਾਣ ਦੀ ਸੰਭਾਵਨਾ ਹੈ।
ਉਮੀਦਵਾਰ ਬਣਨ ਲਈ ਸ਼ਰਤਾਂ ਅਨੁਸਾਰ ਵਿਅਕਤੀ ਦਾ ਨਿਊਜ਼ੀਲੈਂਡ ਦਾ ਨਾਗਰਿਕ ਹੋਣਾ, ਘੱਟੋ-ਘੱਟ 18 ਸਾਲ ਦੀ ਉਮਰ ਹੋਣਾ ਅਤੇ ਪਾਪਾਟੋਏਟੋਏ ਇਲਾਕੇ ਦੇ ਵੋਟਰ ਰੋਲ ਵਿੱਚ ਦਰਜ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਨਾਮਜ਼ਦਗੀ ਲਈ ਦੋ ਰਜਿਸਟਰਡ ਵੋਟਰਾਂ ਦੇ ਦਸਤਖ਼ਤ ਵੀ ਜ਼ਰੂਰੀ ਹੋਣਗੇ।
ਇਸ ਨਵੀਂ ਚੋਣ ਨੂੰ ਲੈ ਕੇ ਪਾਪਾਟੋਏਟੋਏ ਇਲਾਕੇ ਵਿੱਚ ਸਿਆਸੀ ਸਰਗਰਮੀ ਤੇਜ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ, ਕਿਉਂਕਿ ਅਦਾਲਤੀ ਦਖ਼ਲ ਤੋਂ ਬਾਅਦ ਮੁੜ ਚੋਣ ਕਰਵਾਈ ਜਾ ਰਹੀ ਹੈ।
