ਓਟਾਗੋ ਦੇ ਪ੍ਰਸਿੱਧ ਅਤੇ ਇਤਿਹਾਸਕ ਸੋਨੇ ਦੀ ਖੋਦਾਈ ਵਾਲੇ ਗੋਸਟ ਟਾਊਨ ਮੈਕਟਾਊਨ ਤੱਕ ਵਾਹਨ ਰਾਹੀਂ ਜਾਣ ਵਾਲੇ ਸੈਲਾਨੀਆਂ ਨੂੰ ਹੁਣ ਸ਼ੁਲਕ ਅਦਾ ਕਰਨਾ ਪਵੇਗਾ। ਜਨਵਰੀ ਦੇ ਅਖੀਰ ਤੋਂ ਲਾਗੂ ਹੋ ਰਹੀ ਇਸ ਨਵੀਂ ਪ੍ਰਣਾਲੀ ਅਧੀਨ ਕਾਰ, ਟਰੱਕ ਜਾਂ ਮੋਟਰਸਾਈਕਲ ਰਾਹੀਂ ਮੈਕਟਾਊਨ ਜਾਣ ਲਈ $40 ਫੀਸ ਦੇਣੀ ਲਾਜ਼ਮੀ ਹੋਵੇਗੀ।
ਰਿਪੋਰਟ ਅਨੁਸਾਰ, Arrowtown ਨੇੜੇ ਸਥਿਤ ਇਸ ਇਤਿਹਾਸਕ ਟਾਊਨ ਤੱਕ ਜਾਣ ਵਾਲੀ ਲਗਭਗ 15 ਕਿਲੋਮੀਟਰ ਲੰਬੀ 4WD ਟ੍ਰੈਕ ਦੀ ਸੰਭਾਲ ਅਤੇ ਮੁਰੰਮਤ ਲਈ ਇਹ ਕਦਮ ਚੁੱਕਿਆ ਗਿਆ ਹੈ। Queenstown Lakes District Council ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਹੁਣ ਕੌਂਸਲ ਲਈ ਇਸ ਰਸਤੇ ਦੀ ਦੇਖਭਾਲ ਕਰਨਾ ਆਰਥਿਕ ਤੌਰ ‘ਤੇ ਸੰਭਵ ਨਹੀਂ ਰਿਹਾ, ਜਿਸ ਕਾਰਨ ਇਕ ਨਵੀਂ ਫੰਡਿੰਗ ਪ੍ਰਣਾਲੀ ਲਿਆਂਦੀ ਗਈ ਹੈ।
ਨਵੇਂ ਨਿਯਮਾਂ ਤਹਿਤ ਵਾਹਨ ਚਲਾਕਾਂ ਨੂੰ ਆਨਲਾਈਨ ਪਰਮਿਟ ਲੈਣਾ ਪਵੇਗਾ ਅਤੇ ਰਸਤੇ ‘ਤੇ ਇੱਕ ਗੇਟ ਲਗਾਇਆ ਜਾਵੇਗਾ, ਜਿਸਦੀ ਨਿਗਰਾਨੀ CCTV ਕੈਮਰਿਆਂ ਰਾਹੀਂ ਕੀਤੀ ਜਾਵੇਗੀ। ਹਾਲਾਂਕਿ, ਪੈਦਲ ਯਾਤਰੀਆਂ, ਮਾਊਂਟੇਨ ਬਾਈਕ ਸਵਾਰਾਂ ਅਤੇ ਘੋੜਸਵਾਰਾਂ ਲਈ ਦਾਖਲਾ ਮੁਫ਼ਤ ਰਹੇਗਾ।
ਅਧਿਕਾਰੀਆਂ ਮੁਤਾਬਕ, ਇਕੱਠੀ ਕੀਤੀ ਜਾਣ ਵਾਲੀ ਰਕਮ Arrowtown Charitable Trust ਦੇ ਖਾਸ ਖਾਤੇ ਵਿੱਚ ਜਾਵੇਗੀ, ਜਿੱਥੋਂ ਇਹ ਪੈਸਾ ਟ੍ਰੈਕ ਦੀ ਨਿਯਮਤ ਜਾਂਚ, ਮੁਰੰਮਤ ਅਤੇ ਸੁਰੱਖਿਆ ਸੁਧਾਰਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਇਹ ਕਦਮ ਨਾ ਚੁੱਕਿਆ ਜਾਂਦਾ, ਤਾਂ ਰਸਤਾ ਹੋਰ ਖਰਾਬ ਹੋ ਕੇ ਆਖ਼ਿਰਕਾਰ ਬੰਦ ਕਰਨ ਦੀ ਨੌਬਤ ਆ ਸਕਦੀ ਸੀ।
ਮੈਕਟਾਊਨ, ਜੋ ਆਪਣੇ ਸੋਨੇ ਦੀ ਖੋਦਾਈ ਦੇ ਇਤਿਹਾਸ ਅਤੇ ਕੁਦਰਤੀ ਸੁੰਦਰਤਾ ਲਈ ਮਸ਼ਹੂਰ ਹੈ, ਹਰ ਸਾਲ ਹਜ਼ਾਰਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਨਵਾਂ ਸ਼ੁਲਕ ਲਾਗੂ ਹੋਣ ਨਾਲ ਹੁਣ ਇਤਿਹਾਸਕ ਵਿਰਾਸਤ ਦੀ ਸੰਭਾਲ ਅਤੇ ਸੁਰੱਖਿਅਤ ਪਹੁੰਚ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
