ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਸ਼ਹਿਰ Christchurch ਵਿੱਚ ਰਹਿੰਦੇ ਇੱਕ ਜੋੜੇ ਨੂੰ ਆਪਣੇ ਘਰ ਦੀ ਛੱਤ ਵਿੱਚੋਂ 2 ਲੱਖ 32 ਹਜ਼ਾਰ 440 ਡਾਲਰ ਨਕਦ ਰਕਮ ਮਿਲੀ। ਇਹ ਰਕਮ ਘਰ ਦੀ ਮੁਰੰਮਤ ਦੌਰਾਨ ਸਾਹਮਣੇ ਆਈ। ਜੋੜੇ ਨੇ ਇਮਾਨਦਾਰੀ ਦਿਖਾਉਂਦੇ ਹੋਏ ਇਹ ਪੈਸਾ ਤੁਰੰਤ ਪੁਲਿਸ ਹਵਾਲੇ ਕਰ ਦਿੱਤਾ।
ਮਾਮਲੇ ਦੀ ਜਾਂਚ ਕਰਦੇ ਹੋਏ ਨਿਊਜੀਲੈਂਡ ਪੁਲਸ ਨੇ ਦਲੀਲ ਦਿੱਤੀ ਕਿ ਇਹ ਰਕਮ ਸੰਭਾਵਤ ਤੌਰ ‘ਤੇ ਗੈਰ-ਕਾਨੂੰਨੀ ਸਰਗਰਮੀਆਂ ਨਾਲ ਜੁੜੀ ਹੋ ਸਕਦੀ ਹੈ, ਇਸ ਲਈ ਇਸ ਨੂੰ ਜ਼ਬਤ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧੀ ਮਾਮਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਮਾਮਲੇ ਦੀ ਸੁਣਵਾਈ ਹਾਈਕੋਰਟ ਆਫ ਨਿਊਜੀਲੈਂਡ ਵਿੱਚ ਹੋਈ, ਜਿੱਥੇ ਜੋੜੇ ਨੇ ਕਿਹਾ ਕਿ ਉਹਨਾਂ ਨੇ ਪੈਸਾ ਲੱਭਦੇ ਹੀ ਕਾਨੂੰਨੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਸੀ, ਇਸ ਲਈ ਉਹਨਾਂ ਦੀ ਸੱਚਾਈ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।
ਸੁਣਵਾਈ ਤੋਂ ਬਾਅਦ ਸਮਝੌਤਾ ਹੋਇਆ, ਜਿਸ ਅਨੁਸਾਰ ਕੁੱਲ ਰਕਮ ਵਿੱਚੋਂ 40 ਹਜ਼ਾਰ ਡਾਲਰ ਜੋੜੇ ਨੂੰ ਦਿੱਤੇ ਜਾਣਗੇ, ਜਦਕਿ ਬਾਕੀ ਰਕਮ ਸਰਕਾਰੀ ਖ਼ਜ਼ਾਨੇ, ਯਾਨੀ ਕ੍ਰਾਊਨ ਦੇ ਹਵਾਲੇ ਕੀਤੀ ਜਾਵੇਗੀ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਜੇ ਇਮਾਨਦਾਰੀ ਨਾਲ ਮਿਲੀ ਰਕਮ ਵਿੱਚੋਂ ਕੋਈ ਹਿੱਸਾ ਨਾ ਦਿੱਤਾ ਜਾਵੇ, ਤਾਂ ਲੋਕ ਭਵਿੱਖ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਤੋਂ ਕਤਰਾਉ ਸਕਦੇ ਹਨ।
ਇਸ ਫ਼ੈਸਲੇ ਨਾਲ ਇਹ ਸਪੱਸ਼ਟ ਸੰਦੇਸ਼ ਗਿਆ ਹੈ ਕਿ ਕਾਨੂੰਨ ਆਪਣੀ ਥਾਂ ਕਾਇਮ ਹੈ, ਪਰ ਸੱਚਾਈ ਅਤੇ ਇਮਾਨਦਾਰੀ ਦੀ ਵੀ ਕਦਰ ਕੀਤੀ ਜਾਂਦੀ ਹੈ।
