ਆਕਲੈਂਡ (ਐੱਨ ਜੈੱਡ ਤਸਵੀਰ) ਵੇਲਿੰਗਟਨ ਦੇ ਲਾਇਲ ਬੇ ਇਲਾਕੇ ਵਿੱਚ ਸਥਿਤ ਲੋਕਪ੍ਰਿਯ ਕੈਫੇ Spruce Goose 12 ਸਾਲਾਂ ਦੀ ਸੇਵਾ ਤੋਂ ਬਾਅਦ ਆਪਣੇ ਦਰਵਾਜ਼ੇ ਬੰਦ ਕਰਨ ਜਾ ਰਿਹਾ ਹੈ। ਕੈਫੇ ਪ੍ਰਬੰਧਨ ਨੇ ਪੁਸ਼ਟੀ ਕੀਤੀ ਹੈ ਕਿ ਮੌਜੂਦਾ ਸਥਾਨ ਲਈ ਨਵਾਂ ਲੀਜ਼ ਨਾ ਮਿਲਣ ਕਾਰਨ ਇਹ ਮੁਸ਼ਕਲ ਫ਼ੈਸਲਾ ਲੈਣਾ ਪਿਆ ਹੈ।
ਕੈਫੇ ਦੇ ਮਾਲਕਾਂ ਨੇ ਕਿਹਾ ਕਿ ਇਹ ਅੰਤ ਉਨ੍ਹਾਂ ਦੀ ਯੋਜਨਾ ਵਿੱਚ ਨਹੀਂ ਸੀ, ਪਰ ਹਾਲਾਤਾਂ ਕਾਰਨ ਹੁਣ ਇਸ ਥਾਂ ‘ਤੇ ਕਾਰੋਬਾਰ ਜਾਰੀ ਰੱਖਣਾ ਸੰਭਵ ਨਹੀਂ ਰਿਹਾ। ਉਨ੍ਹਾਂ ਨੇ 12 ਸਾਲਾਂ ਦੌਰਾਨ ਗਾਹਕਾਂ ਵੱਲੋਂ ਮਿਲੇ ਪਿਆਰ ਅਤੇ ਸਹਿਯੋਗ ਲਈ ਧੰਨਵਾਦ ਵੀ ਪ੍ਰਗਟ ਕੀਤਾ।
Spruce Goose ਨੇ ਸੋਸ਼ਲ ਮੀਡੀਆ ਰਾਹੀਂ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਬੰਦ ਹੋਣ ਤੋਂ ਪਹਿਲਾਂ ਆਖ਼ਰੀ ਵਾਰ ਆ ਕੇ ਕੈਫੇ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਨ। ਕੈਫੇ ਦਾ ਆਖ਼ਰੀ ਕਾਰੋਬਾਰੀ ਦਿਨ 8 ਫ਼ਰਵਰੀ ਹੋਵੇਗਾ।
ਇਸ ਸਬੰਧ ਵਿੱਚ ਵੇਲਿੰਗਟਨ ਏਅਰਪੋਰਟ ਪ੍ਰਬੰਧਨ ਨੇ ਦੱਸਿਆ ਕਿ ਇਸ ਸਥਾਨ ‘ਤੇ ਭਵਿੱਖ ਵਿੱਚ ਇੱਕ ਨਵਾਂ ਹੋਸਪੇਟੈਲਟੀ ਵੈਨਿਊ ਖੋਲ੍ਹਣ ਦੀ ਯੋਜਨਾ ਹੈ, ਜੋ ਲਾਇਲ ਬੇ ਵਾਟਰਫਰੰਟ ਦੇ ਵਿਕਾਸ ਪ੍ਰੋਜੈਕਟ ਦਾ ਹਿੱਸਾ ਹੋਵੇਗਾ।
Spruce Goose ਦਾ ਬੰਦ ਹੋਣਾ ਵੇਲਿੰਗਟਨ ਦੇ ਕੈਫੇ ਸੱਭਿਆਚਾਰ ਲਈ ਇੱਕ ਮਹੱਤਵਪੂਰਨ ਘਾਟ ਮੰਨੀ ਜਾ ਰਹੀ ਹੈ।
