ਆਕਲੈਂਡ (ਐੱਨ ਜੈੱਡ ਤਸਵੀਰ) ਸੋਫੀ ਐੱਲਿਟ ਦੇ ਪਿਤਾ ਗਿੱਲ ਐੱਲਿਟ ਨੇ ਆਪਣੀ ਧੀ ਦੇ ਕਾਤਲ ਦੀ ਸੰਭਾਵਿਤ ਪੈਰੋਲ ਰਿਹਾਈ ਨੂੰ ਲੈ ਕੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸੋਫੀ ਦੇ ਕਾਤਲ ਨੂੰ ਪੈਰੋਲ ‘ਤੇ ਰਿਹਾ ਕੀਤਾ ਗਿਆ ਤਾਂ ਉਹ ਮੁੜ ਕਿਸੇ ਦੀ ਜਾਨ ਲੈ ਸਕਦਾ ਹੈ।
ਸੋਫੀ ਐੱਲਿਟ ਦੀ ਸਾਲ 2008 ਵਿੱਚ ਉਸਦੇ ਪੂਰਵ ਪ੍ਰੇਮੀ ਕਲੇਟਨ ਵੈਦਰਸਟਨ ਵੱਲੋਂ ਬੇਹੱਦ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਇਸ ਘਟਨਾ ਨੇ ਉਸ ਸਮੇਂ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਵੈਦਰਸਟਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਹੁਣ 18 ਸਾਲ ਬਾਅਦ ਉਹ ਪਹਿਲੀ ਵਾਰ ਪੈਰੋਲ ਲਈ ਯੋਗ ਹੋਇਆ ਹੈ।
ਗਿੱਲ ਐੱਲਿਟ ਨੇ ਕਿਹਾ ਕਿ ਵੈਦਰਸਟਨ ਨੇ ਅਜੇ ਤੱਕ ਆਪਣੇ ਕਰਤੂਤਾਂ ਲਈ ਕੋਈ ਸੱਚਾ ਪਛਤਾਵਾ ਨਹੀਂ ਦਿਖਾਇਆ ਅਤੇ ਉਸਦਾ ਵਿਹਾਰ ਇਹ ਦਰਸਾਉਂਦਾ ਹੈ ਕਿ ਉਹ ਅਜੇ ਵੀ ਸਮਾਜ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਉਨ੍ਹਾਂ ਨੇ ਪੈਰੋਲ ਬੋਰਡ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਸਭ ਤੋਂ ਉੱਪਰ ਰੱਖਿਆ ਜਾਵੇ।
ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਦੇ ਵੀ ਕਾਤਲ ਨੂੰ ਰਿਹਾਈ ਮਿਲਦੀ ਹੈ ਤਾਂ ਉਸ ‘ਤੇ ਸਖ਼ਤ ਤੋਂ ਸਖ਼ਤ ਸ਼ਰਤਾਂ ਲਾਗੂ ਕੀਤੀਆਂ ਜਾਣ ਅਤੇ ਉਸ ਦੀ ਨਿਗਰਾਨੀ ਬਹੁਤ ਧਿਆਨ ਨਾਲ ਕੀਤੀ ਜਾਵੇ।
ਸੋਫੀ ਐੱਲਿਟ ਦੇ ਮਾਮਲੇ ਨੂੰ ਨਿਊਜ਼ੀਲੈਂਡ ਦੇ ਸਭ ਤੋਂ ਦਰਦਨਾਕ ਅਤੇ ਹਿੰਸਕ ਕਤਲ ਕੇਸਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਮਾਮਲੇ ਨੇ ਘਰੇਲੂ ਹਿੰਸਾ ਅਤੇ ਪੈਰੋਲ ਪ੍ਰਣਾਲੀ ‘ਤੇ ਵੀ ਗੰਭੀਰ ਸਵਾਲ ਖੜੇ ਕੀਤੇ ਸਨ।
Related posts
- Comments
- Facebook comments
